ਲੱਖਾ ਸਿਧਾਣਾ ਨੇ ਅਪਣੀ ਮੁੜ ਵਾਪਸੀ ਦੇ ਐਲਾਨ ਸਬੰਧੀ ਸਥਿਤੀ ਕੀਤੀ ਸਪੱਸ਼ਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਨੌਜਵਾਨਾਂ ਦੇ ਵਿਚਾਰਾਂ ਨਾਲ ਸਿਹਮਤ ਜਾਂ ਅਸਿਹਮਤ ਹੋਣਾ ਕਿਸਾਨ ਆਗੂ  ਦਾ ਹੱਕ ਹੈ''

Lakha Sidhana

ਬਠਿੰਡਾ (ਸੁਖਜਿੰਦਰ ਮਾਨ, ਘੀਚਰ ਸਿੰਘ ਸਿੱਧੂ): ਸੰਯੁਕਤ ਕਿਸਾਨ ਮੋਰਚੇ ਵਲੋਂ ਉਸ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਮੰਨਣ ਅਤੇ ਉਸ ਦੀ ਮੁੜ ਵਾਪਸੀ ਦੇ ਐਲਾਨ ਸਬੰਧੀ ਅਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਸਮਾਜ ਸੇਵਕ ਲਖਬੀਰ ਸਿੰਘ ਲੱਖਾ ਸਿਧਾਣਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਅਪਣੀ ਸਮਰੱਥਾ ਅਨੁਸਾਰ ਪੰਜਾਬੀ ਬੋਲੀ ਅਤੇ ਪੰਜਾਬ ਦੇ ਹਿਤਾਂ ਲਈ ਸੰਘਰਸ਼ਸ਼ੀਲ ਰਹੇ ਹਨ।

ਉਹ ਕਿਸਾਨ ਸੰਘਰਸ਼ ਵਿਚ ਇਸ ਲਈ ਸਰਗਰਮ ਹੋਏ ਕਿਉਂਕਿ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਤਿੰਨੋ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਅਤੇ ਕਿਸਾਨਾਂ ਦੀ ਆਰਥਕਤਾ ਅਤੇ ਭਵਿੱਖ ਉਤੇ ਗੁੱਝਾ ਅਤੇ ਕੋਝਾ ਵਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਪੰਜਾਬ ਦੇ ਅਰਥਚਾਰੇ ਉਤੇ ਮਾਰੂ ਅਸਰ ਪੈਣਗੇ।  ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਜਥੇਬੰਦੀਆਂ ਨਾਲ ਖੜਣ ਦਾ ਫ਼ੈਸਲਾ ਕਿਸਾਨ ਅੰਦੋਲਨ ਨੂੰ ਬੱਲ ਦੇਣ ਅਤੇ ਜਿੱਤ ਵਲ ਲੈ ਕੇ ਜਾਣ ਦੇ ਮਨੋਰਥ ਨਾਲ ਲਿਆ ਹੈ। 

ਲੱਖਾ ਸਿਧਾਣਾ ਨੇ ਸੋਸ਼ਲ ਜਾਂ ਪ੍ਰਿੰਟ ਮੀਡੀਆ ਵਿਚ ਚਲ ਰਹੇ ਇਕਪਾਸੜ ਪ੍ਰਾਪੇਗੰਡੇ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਪ੍ਰਥਾਏ ਮੁਆਫ਼ੀ ਮੰਗਣ ਦੀ ਚਰਚਾ ਨਿਰਮੂਲ ਅਤੇ ਫ਼ਰਜ਼ੀ ਹੈ।  ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸਾਨੀ ਨਾਲ ਜੁੜਿਆ ਹੈ ਅਤੇ ਇਸ ਦਾ ਸਾਂਝੀ ਕਿਸਾਨ ਲੀਡਰਸ਼ਿਪ ਦੀ ਅਗਵਾਈ ਹੇਠ ਲੜਿਆ ਜਾਣਾ ਵਾਜਬ ਹੈ।  ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੇ ਹਰ ਯੋਗ ਪ੍ਰੋਗਰਾਮ ਵਿਚ ਉਹ ਅਪਣੇ ਸਾਥੀਆਂ ਨਾਲ ਮਿਲ ਕੇ ਬਣਦਾ ਹਿੱਸਾ ਪਾਉਂਦੇ ਰਹਿਣਗੇ। 

 ਉਨ੍ਹਾਂ ਕਿਹਾ ਕਿ ਲੋਕ ਭਾਵਨਾਵਾਂ  ਉਤੇ ਗੌਰ ਕਰਨਾ ਕਿਸਾਨ ਆਗੂ  ਦਾ ਫ਼ਰਜ਼ ਹੈ ਕਿਉਂਕਿ ਇਸ ਸੰਘਰਸ਼ ਵਿਚ ਸਮਾਜ ਦੇ ਹਰ ਵਰਗ ਦੀ ਭਰਵੀਂ ਸ਼ਮੂਲੀਅਤ ਹੈ। ਪੰਜਾਬ ਦੀ ਨਵੀਂ ਪੀੜ੍ਹੀ ਦੀ  ਭਾਵਨਾਵਾਂ  ਦੀ ਨੁਮਾਇੰਦਗੀ ਕਰਨੀ ਸਾਡਾ ਫ਼ਰਜ਼ ਹੈ। ਨੌਜਵਾਨਾਂ ਦੇ ਵਿਚਾਰਾਂ ਨਾਲ ਸਿਹਮਤ ਜਾਂ ਅਸਿਹਮਤ ਹੋਣਾ ਕਿਸਾਨ ਆਗੂ  ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸਿਹਮਤੀ ਚਲ ਰਹੇ ਸੰਘਰਸ਼ ਵਿਚ ਅੜਿੱਕਾ ਨਹੀਂ ਬਣਨੀ ਚਾਹੀਦੀ। 

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਫ਼ੋਕੀ ਸੋਹਰਤ ਅਤੇ ਰਾਜਸੀ ਲਾਲਸਾਵਾਂ  ਕਾਰਨ ਮੌਜੂਦਾ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਵਾਲੇ ਹਰ ਵਿਆਕਤੀ ਦਾ ਉਹ ਵਿਰੋਧ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਅਤੇ ਸਾਨੂੰ ਵੀ ਕਿਸੇ ਇਕ ਵਿਅਕਤੀ ਉਤੇ ਟੇਕ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਲੋਕ ਅੰਦੋਲਨ ਵਿਚ ਤਬਦੀਲ ਹੋ ਚੁਕਾ ਹੈ ਜਿਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਕੋਲ ਹੈ। ਉਨ੍ਹਾਂ ਨੌਜਵਾਨ ਅਤੇ ਹੋਰਨਾਂ ਵਰਗਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਮਈ ਮਹੀਨੇ ਵਿਚ ਸੰਸਦ ਘੇਰਣ ਦੇ ਦਿਤੇ ਪ੍ਰੋਗਰਾਮ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਕਾਮਯਾਬ ਕਰਨ ਦੀ ਅਪੀਲ ਕੀਤੀ।