PRTC ਦੀਆਂ ਬੱਸਾਂ ਨੇ ਦੋ ਦਿਨਾਂ ’ਚ ਇਕ ਲੱਖ ਦੇ ਕਰੀਬ ਮਹਿਲਾਵਾਂ ਨੂੰ ਦਿਤਾ ਮੁਫ਼ਤ ਬੱਸ ਸਫ਼ਰ ਦਾ ਲਾਭ
ਪੀ.ਆਰ.ਟੀ.ਸੀ. ਮੁੱਖ ਮੰਤਰੀ ਦੇ ਵਾਅਦੇ ਨੂੰ ਹਰ ਹੀਲੇ ਲਾਗੂ ਕਰਨ ਲਈ ਵਚਨਬੱਧ : ਕੇ.ਕੇ. ਸ਼ਰਮਾ
ਪਟਿਆਲਾ (ਜਸਪਾਲ ਸਿੰਘ ਢਿੱਲੋਂ) : ਪੰਜਾਬ ਸਰਕਾਰ ਵਲੋਂ ਪਹਿਲੀ ਅਪ੍ਰੈਲ ਤੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਤਹਿਤ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬਸਾਂ ਪਿਛਲੇ ਦੋ ਦਿਨਾਂ ’ਚ 99045 ਮਹਿਲਾ ਮੁਸਾਫ਼ਰਾਂ ਨੂੰ ਯੋਜਨਾ ਦਾ ਲਾਭ ਦੇ ਚੁੱਕੀਆਂ ਹਨ। ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੀ.ਆਰ.ਟੀ.ਸੀ ਵਲੋਂ ਇਨ੍ਹਾਂ ਦੋਵਾਂ ਦਿਨਾਂ ਦੌਰਾਨ 41.84 ਲੱਖ ਰੁਪਏ ਦੇ ਕਰਵਾਏ ਗਏ ਸਫ਼ਰ ਦਾ ਮਹਿਲਾਵਾਂ ਕੋਲੋਂ ਕੋਈ ਵੀ ਪੈਸਾ ਨਾ ਵਸੂਲ ਕੇ, ਉਨ੍ਹਾਂ ਨੂੰ ਸਿਫ਼ਰ ਭਾੜੇ ਦੀ ਟਿਕਟ ਦਿਤੀ।
ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਸਮੂਹ ਡਿਪੂ ਮੈਨੇਜਰਾਂ, ਬੱਸ ਚਾਲਕਾਂ, ਕੰਡਕਟਰਾਂ ਅਤੇ ਚੈਕਰਾਂ ਨੂੰ ਇਸ ਗੱਲ ਨੂੰ ਯਕੀਨ ਬਣਾਉਣ ਲਈ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਗੂ ਕੀਤੇ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦਾ ਲਾਭ ਲੈਣ ’ਚ ਇਕ ਵੀ ਮਹਿਲਾ ਨੂੰ ਮੁਸ਼ਕਲ ਨਹੀਂ ਆਉਣ ਦਿਤੀ ਜਾਵੇ। ਉਨ੍ਹਾਂ ਦਸਿਆ ਕਿ ਪਹਿਲੀ ਅਪ੍ਰੈਲ ਨੂੰ 27589 ਮਹਿਲਾ ਯਾਤਰੂਆਂ ਅਤੇ ਦੂਸਰੇ ਦਿਨ 2 ਅਪ੍ਰੈਲ ਨੂੰ 71456 ਮਹਿਲਾ ਯਾਤਰੂਆਂ ਨੇ ਮੁਫ਼ਤ ਬੱਸ ਸੇਵਾ ਯੋਜਨਾ ਦਾ ਲਾਭ ਲਿਆ।
ਸ਼ਰਮਾ ਅਨੁਸਾਰ ਪੀ ਆਰ ਟੀ ਸੀ ਦਾ ਮੁੱਖ ਉਦੇਸ਼ ਅਪਣੇ ਯਾਤਰੂਆਂ ਨੂੰ ਹਰ ਸੰਭਵ ਆਵਾਜਾਈ ਸਹੂਲਤ ਉਪਲਭਧ ਕਰਵਾਉਣਾ ਹੈ। ਇਸ ਮੰਤਵ ਲਈ ਬਸਾਂ ’ਚ ਵਿਸ਼ੇਸ਼ ‘ਪੈਨਿਕ ਬਟਨ’, ਜੀ ਪੀ ਐਸ ਪ੍ਰਣਾਲੀ ਵਰਤੇ ਜਾਣ ਤੋਂ ਇਲਾਵਾ ਮਹਿਲਾਵਾਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ 6 ਤੋਂ 12 ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ ਦੇ ਪੰਜਾਬ ’ਚ 9 ਡਿਪੂ ਹਨ ਜਿਨ੍ਹਾਂ ’ਚ ਪਟਿਆਲਾ, ਬਠਿੰਡਾ, ਕਪੂਰਥਲਾ, ਬਰਨਾਲਾ, ਬੁਢਲਾਡਾ, ਚੰਡੀਗੜ੍ਹ, ਸੰਗਰੂਰ, ਲੁਧਿਆਣਾ ਤੇ ਫ਼ਰੀਦਕੋਟ ਸ਼ਾਮਿਲ ਹਨ।
ਇਨ੍ਹਾਂ ਸਾਰੇ ਡਿਪੂਆਂ ਦੇ ਦਫ਼ਤਰੀ ਤੋਂ ਲੈ ਕੇ ਫ਼ੀਲਡ ਸਟਾਫ਼ ਤਕ ਨੂੰ ਸਖ਼ਤ ਆਦੇਸ਼ ਦਿਤੇ ਗਏ ਹਨ ਕਿ ਸਮੁੱਚੀਆਂ ਸਵਾਰੀਆਂ ਖ਼ਾਸ ਕਰ ਮਹਿਲਾਵਾਂ ਦਾ ਵਿਸ਼ੇਸ਼ ਤੌਰ ’ਤੇ ਮਾਣ-ਸਤਿਕਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਅਹਿਸਾਸ ਨਾ ਹੋਣ ਦਿਤਾ ਜਾਵੇ ਕਿ ਉਹ ਮੁਫ਼ਤ ਸਫ਼ਰ ਕਰ ਰਹੀਆਂ ਹਨ।
ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਜਤਿੰਦਰ ਸਿੰਘ ਗਰੇਵਾਲ ਅਤੇ ਜੀ ਐਮ (ਐਡਮਿਨ) ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਦਿਤੀ ਗਈ ਇਸ ਮੁਫ਼ਤ ਬੱਸ ਸਫ਼ਰ ਸੇਵਾ ਦਾ ਅਮਲੀ ਰੂਪ ’ਚ ਲਾਭ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ ਤਾਂ ਜੋ ਬਸਾਂ ’ਚ ਸਫ਼ਰ ਕਰਨ ਮੌਕੇ ਮਹਿਲਾਵਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਉਨ੍ਹਾਂ ਬਸਾਂ ’ਚ ਮੁਫ਼ਤ ਬੱਸ ਸਫ਼ਰ ਦਾ ਲਾਭ ਲੈਣ ਵਾਲੀਆਂ ਮਹਿਲਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਰਿਹਾਇਸ਼ੀ ਪਤੇ ਵਾਲਾ ਕੋਈ ਵੀ ਪ੍ਰਮਾਣ ਅਪਣੇ ਨਾਲ ਜ਼ਰੂਰ ਰੱਖਣ ਅਤੇ ਕੰਡਕਟਰ ਵਲੋਂ ਟਿਕਟ ਦੀ ਮੰਗ ਕਰਨ ’ਤੇ ਇਹ ਦਸਤਾਵੇਜ਼ ਦਿਖਾ ਕੇ, ਜ਼ੀਰੋ ਮੁਲ ਦੀ ਟਿਕਟ ਲੈਣਾ ਨਾ ਭੁੱਲਣ।
ਫੋਟੋ ਨੰ: 3 ਪੀਏਟੀ 13