ਸ਼੍ਰੋਮਣੀ ਅਕਾਲੀ ਦਲ ਵੀ ਦੇਵੇ ਆਪਣੇ ਵੱਲੋਂ ਕੀਤੇ ਕੰਮਾਂ ਦਾ ਜਵਾਬ - ਪਰਮਿੰਦਰ ਢੀਂਡਸਾ 

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮਾਨਸਾ ਜ਼ਿਲ੍ਹੇ ਦਾ ਤੂਫਾਨੀ ਦੌਰਾ 

Parminder Singh Dhindsa

ਮਾਨਸਾ - ਕੇਂਦਰ ਸਰਕਾਰ ਕਣਕ ਦੀ ਖਰੀਦ ਲਈ ਜਾਣਬੁੱਝ ਕੇ ਰੋੜੇ ਅਟਕਾ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਦੌਰੇ ਦੌਰਾਨ ਇੱਕ ਭੋਗ ਸਮਾਗਮ ਤੇ ਪਹੁੰਚਣ ਤੇ ਕੀਤਾ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਵ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ।

ਜਿਸ ਦੌਰਾਨ ਇਕ ਭੋਗ ਸਮਾਗਮ ਵਿਚ ਪਹੁੰਚਣ ਤੋਂ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਿੱਥੇ ਉਨ੍ਹਾਂ ਕਾਂਗਰਸ ਅਕਾਲੀ ਦਲ ਅਤੇ ਕੇਂਦਰ ਸਰਕਾਰ ਉਪਰ ਤਿੱਖੇ ਸ਼ਬਦੀ ਹਮਲੇ ਕੀਤੇ ਉੱਥੇ ਹੀ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਜਾਣਬੁੱਝ ਕੇ ਕਣਕ ਦੇ ਖਰੀਦ ਪ੍ਰਬੰਧਾਂ ਵਿਚ ਰੋੜੇ ਅਟਕਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਿੱਧੀ ਅਦਾਇਗੀ ਲਈ ਕਿਸਾਨਾਂ ਤੋਂ ਪੁੱਛੇ। ਉੱਥੇ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਜਵਾਬ ਤਹਿਤ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਤੰਜ ਕੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ੁਦ ਵੀ ਆਪਣੇ ਕੀਤੇ ਹੋਏ ਕੰਮਾਂ ਦਾ ਜਵਾਬ ਦੇਵੇ।

ਉਨ੍ਹਾਂ ਜਿਥੇ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨਾਲ ਮਿਲੀਭੁਗਤ ਕਰਨ ਦਾ ਦਾਅਵਾ ਕੀਤਾ ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ  ਮੁਫ਼ਤ ਬੱਸ ਸਫ਼ਰ ਦੀ ਸੁਵਿਧਾ ਦੇਣ ਤੇ ਸਵਾਗਤ ਕਰਦਿਆਂ ਮੰਗ ਕੀਤੀ ਕਿ ਇਹ ਸੁਵਿਧਾ ਪ੍ਰਾਈਵੇਟ ਆਪਰੇਟਰ ਨੂੰ ਵੀ ਦਿੱਤੀ ਜਾਵੇ ਅਤੇ ਸਰਕਾਰ ਪ੍ਰਾਈਵੇਟ ਅਪਰੇਟਰਾਂ ਨੂੰ ਸਬਸਿਡੀ ਦੇਵੇ ਨਾ ਕਿ ਪ੍ਰਾਈਵੇਟ ਬੱਸ ਅਪਰੇਟਰਾਂ ਦਾ ਵਪਾਰ ਬੰਦ ਕਰਾਵੇ।