ਮਹਾਰਾਣੀ ਪਰਨੀਤ ਕੌਰ ਨਾਲ ਕੀਤੀ ਟੌਹੜਾ ਪਰਿਵਾਰ ਨੇ ਮੁਲਾਕਾਤ, ਸਿਆਸੀ ਹਲਚਲ ਸ਼ੁਰੂ
ਟੌਹੜਾ ਪਰਿਵਾਰ ਦੀ ਮਹਾਰਾਣੀ ਪਰਨੀਤ ਕੌਰ ਨਾਲ ਮੀਟਿੰਗ ਕਈ ਤਰ੍ਹਾਂ ਦੇ ਰਾਜਨੀਤਕ ਸੰਕੇਤ ਦਿੰਦੀ ਹੈ।
ਪਟਿਆਲਾ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਸਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਮਹਿਲ ਪਹੁੰਚ ਕੇ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਸਿਰਫ਼ ਮਹਾਰਾਣੀ ਪਰਨੀਤ ਕੌਰ ਅਤੇ ਟੌਹੜਾ ਪਰਿਵਾਰ ਮੌਜੂਦ ਸੀ।
ਮੋਤੀ ਮਹਿਲ ਸਟਾਫ਼ ਦਾ ਕੋਈ ਵੀ ਮੈਂਬਰ ਮੀਟਿੰਗ ’ਚ ਮੌਜੂਦ ਨਹੀਂ ਸੀ। ਸਿਰਫ਼ ਸੋਸ਼ਲ ਮੀਡੀਆ ਟੀਮ ਦੇ ਫੋਟੋਗ੍ਰਾਫਰ ਨੇ ਤਸਵੀਰ ਖਿੱਚੀ ਅਤੇ ਉਹ ਵੀ ਮੀਟਿੰਗ ਤੋਂ ਬਾਹਰ ਆ ਗਿਆ। ਦੇਰ ਸ਼ਾਮ ਐੱਮ. ਪੀ. ਮਹਾਰਾਣੀ ਪਰਨੀਤ ਕੌਰ ਨੇ ਖ਼ੁਦ ਇਹ ਫੋਟੋ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ, ਜਿਸ ਤੋਂ ਬਾਅਦ ਕਾਂਗਰਸ ਅਤੇ ਜ਼ਿਲ੍ਹਾ ਪਟਿਆਲਾ ਸਿਆਸਤ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਹਰਮੇਲ ਸਿੰਘ ਟੌਹੜਾ 1997 ’ਚ ਹਲਕਾ ਡਕਾਲਾ (ਹੁਣ ਸਨੌਰ) ਤੋਂ ਵਿਧਾਇਕ ਬਣੇ ਸਨ ਅਤੇ ਅਕਾਲੀ ਭਾਜਪਾ ਸਰਕਾਰ ’ਚ ਪੀ. ਡਬਲਯੂ. ਡੀ. ਵਿਭਾਗ ਦੇ ਕੈਬਨਿਟ ਮੰਤਰੀ ਰਹੇ ਸਨ। ਅਕਾਲੀ ਦਲ ਤੋਂ ਦੁਖੀ ਹੋ ਕੇ ਟੌਹੜਾ ਪਰਿਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਸੀ ਅਤੇ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦੀ ਸਪੁੱਤਰੀ ਅਤੇ ਹਰਮੇਲ ਸਿੰਘ ਟੌਹੜਾ ਦੀ ਧਰਮਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ 2017 ’ਚ ਹਲਕਾ ਸਨੌਰ ਤੋਂ ਚੋਣ ਲੜੀ ਸੀ। ਕੁੱਝ ਸਮੇਂ ਬਾਅਦ ਉਹ ਫਿਰ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ।
ਸੂਤਰਾਂ ਮੁਤਾਬਿਕ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟੌਹੜਾ ਪਰਿਵਾਰ ਨੂੰ ਕਾਂਗਰਸ ’ਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਟੌਹੜਾ ਪਰਿਵਾਰ ਨਹੀਂ ਮੰਨਿਆ। ਚੋਣ ਵਰ੍ਹੇ ’ਚ ਟੌਹੜਾ ਪਰਿਵਾਰ ਦੀ ਮਹਾਰਾਣੀ ਪਰਨੀਤ ਕੌਰ ਨਾਲ ਮੀਟਿੰਗ ਕਈ ਤਰ੍ਹਾਂ ਦੇ ਰਾਜਨੀਤਕ ਸੰਕੇਤ ਦਿੰਦੀ ਹੈ। ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਦਾ ਬੇਹੱਦ ਸਤਿਕਾਰ ਕਰਦੇ ਹਨ।