CM ਮਾਨ ਦੀ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ- 'ਪੁਖ਼ਤਾ ਖਰੀਦ ਪ੍ਰਬੰਧਾਂ ਦੇ ਨਾਲ-ਨਾਲ 24 ਘੰਟਿਆਂ 'ਚ ਹੋਵੇ ਫ਼ਸਲ ਦੀ ਅਦਾਇਗੀ'
ਗੁਆਂਢੀ ਸੂਬਿਆਂ ਦੀ ਕਣਕ ਪੰਜਾਬ ਵਿੱਚ ਨਾ ਵਿਕਣ ਨੂੰ ਯਕੀਨੀ ਬਣਾਉਣ ਲਈ ਦਿੱਤੇ ਸਖ਼ਤ ਹੁਕਮ
ਚੰਡੀਗੜ੍ਹ : ਪੰਜਾਬ 'ਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਹੈ। ਪੰਜਾਬ ਭਵਨ ਚੰਡੀਗੜ੍ਹ ਵਿਖੇ CM ਮਾਨ ਨੇ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਜਾਣ। ਅਧਿਕਾਰੀ ਖੁਦ ਸਫਾਈ ਦੇ ਨਾਲ ਖਰੀਦ 'ਤੇ ਨਜ਼ਰ ਰੱਖਣ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇ। ਇਸ ਦੇ ਨਾਲ ਹੀ ਗੁਆਂਢੀ ਸੂਬਿਆਂ ਦੀ ਕਣਕ ਪੰਜਾਬ ਵਿੱਚ ਨਾ ਵਿਕਣ ਨੂੰ ਯਕੀਨੀ ਬਣਾਉਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਦੇ ਲਈ ਅਧਿਕਾਰੀਆਂ ਨੂੰ ਪੰਜਾਬ ਦੀਆਂ ਸਰਹੱਦਾਂ ਸੀਲ ਕਰਨ ਲਈ ਕਿਹਾ ਗਿਆ ਹੈ।
ਦਰਅਸਲ, ਕਈ ਸੂਬਿਆਂ ਵਿੱਚ ਕਣਕ 'ਤੇ ਐਮਐਸਪੀ ਉਪਲਬਧ ਨਹੀਂ ਹੈ, ਇਸ ਲਈ ਉਹ ਫ਼ਸਲ ਵੇਚਣ ਲਈ ਪੰਜਾਬ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੈ। ਸੀਜ਼ਨ 2-4 ਦਿਨਾਂ ਵਿੱਚ ਸਿਖਰ 'ਤੇ ਹੋਵੇਗਾ। ਅਸੀਂ ਬੋਰੀਆਂ ਅਤੇ ਨਕਦ ਕ੍ਰੈਡਿਟ ਸੀਮਾ ਦਾ ਨਿਪਟਾਰਾ ਕਰ ਲਿਆ ਹੈ। ਬਾਹਰੋਂ ਆਉਣ ਵਾਲੀ ਕਣਕ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ 'ਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਇਸ ਲਈ ਅਧਿਕਾਰੀਆਂ ਨੇ ਦਾਣਾ ਮੰਡੀਆਂ ਵਿੱਚ ਮੁਕੰਮਲ ਪ੍ਰਬੰਧਾਂ ਦਾ ਦਾਅਵਾ ਵੀ ਕੀਤਾ ਹੈ। ਹਾਲਾਂਕਿ ਅਜੇ ਤੱਕ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਨਾਲ ਨਹੀਂ ਪੁੱਜੀ ਹੈ। ਸਰਕਾਰ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ। ਪੰਜਾਬ 'ਚ 10 ਅਪ੍ਰੈਲ ਤੋਂ ਬਾਅਦ ਮੰਡੀਆਂ 'ਚ ਕਣਕ ਦੀ ਆਮਦ ਵਧਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪੰਜਾਬ ਵਿੱਚ ਕਣਕ ਦੀ ਖਰੀਦ ਲਈ ਸਰਕਾਰ ਨੂੰ 24,773 ਕਰੋੜ ਦੀ ਕ੍ਰੈਡਿਟ ਲਿਮਟ ਦਿੱਤੀ ਹੈ। ਇਸ ਸੀਜ਼ਨ ਵਿੱਚ ਸਰਕਾਰ ਨੇ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ। ਇਸ ਵਾਰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਹੈ।