ਅੰਮ੍ਰਿਤਸਰ ਅਤੇ ਦੋਹਾ ਵਿਚਕਾਰ ਮੁੜ ਸ਼ੁਰੂ ਹੋਈ ਸਿੱਧੀ ਉਡਾਣ

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਨੂੰ ਦੋਹਾ ਰਾਹੀਂ ਸਿਰਫ਼ 2-4 ਘੰਟੇ ਦੇ ਥੋੜ੍ਹੇ ਸਮੇਂ ਵਿੱਚ ਹੀ ਅਮਰੀਕਾ ਅਤੇ ਕੈਨੇਡਾ ਦੇ 14 ਸ਼ਹਿਰਾਂ ਨਾਲ ਜੋੜਦੀ ਹੈ  ਕਤਰ ਏਅਰਵੇਜ਼ 

Direct flight between Amritsar and Doha resumed

ਅੰਮ੍ਰਿਤਸਰ :  ਅੰਮ੍ਰਿਤਸਰ ਅਤੇ ਦੋਹਾ ਵਿਚਕਾਰ ਅੰਤਰਰਾਸ਼ਟਰੀ ਸਿੱਧੀ ਉਡਾਣ ਮੁੜ ਸ਼ੁਰੂ ਹੋ ਗਈ ਹੈ ਜਿਸ ਨਾਲ ਅੰਮ੍ਰਿਤਸਰ ਅੰਤਰਰਾਸ਼ਟਰੀ ਉਡਾਣਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਉਡਾਣ ਦੁਨੀਆ ਦੀਆਂ ਸਭ ਤੋਂ ਵੱਡੀਆਂ ਏਅਰਲਾਈਨ ਵਿੱਚੋਂ ਇੱਕ ਕਤਰ ਏਅਰਵੇਜ਼ ਵਲੋਂ ਸ਼ੁਰੂ ਕੀਤੀ ਗਈ ਹੈ ਜੋ ਅੰਮ੍ਰਿਤਸਰ ਤੋਂ ਸਿੱਧੀ ਦੋਹਾ ਜਾਵੇਗੀ।

ਇਸ ਉਪਰਾਲੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸਵਾਗਤ ਕੀਤਾ ਹੈ। ਦੱਸ ਦੇਈਏ ਕਿ ਭਾਰਤ ਵਲੋਂ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਅਤੇ ਅਸਥਾਈ ਏਅਰ ਬੱਬਲ ਸਮਝੌਤਿਆਂ ਨੂੰ ਰੱਦ ਕਰਨ ਦੇ ਐਲਾਨ ਨਾਲ ਹੀ ਕਤਰ ਨੇ 1 ਅਪ੍ਰੈਲ ਤੋਂ ਆਪਣੀ ਅੰਮ੍ਰਿਤਸਰ ਲਈ ਹਵਾਈ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ।

ਕਤਰ ਅੰਮ੍ਰਿਤਸਰ ਨੂੰ ਦੋਹਾ ਰਾਹੀਂ ਸਿਰਫ਼ 2-4 ਘੰਟੇ ਦੇ ਥੋੜ੍ਹੇ ਸਮੇਂ ਵਿੱਚ ਹੀ ਅਮਰੀਕਾ ਅਤੇ ਕੈਨੇਡਾ ਦੇ 14 ਸ਼ਹਿਰਾਂ ਨਾਲ ਜੋੜਦੀ ਹੈ, ਜਿਸ ਵਿੱਚਨਿਊਯਾਰਕ, ਸੈਨ ਫਰਾਂਸਿਸਕੋ, ਸਿਆਟਲ, ਸ਼ਿਕਾਗੋ, ਟੋਰਾਂਟੋ ਅਤੇ ਮੌਨਟਰੀਅਲ ਸ਼ਾਮਲ ਹਨ। ਉਥੋਂ ਯਾਤਰੀ ਕਤਰ ਏਅਰ ਦੀਆਂ ਭਾਈਵਾਲੀ ਵਾਲੀਆਂ ਅਮਰੀਕਨ, ਏਅਰ ਕੈਨੇਡਾ ਅਤੇ ਅਲਾਸਕਾ ਏਅਰਲਾਈਨ ਆਪਣੀਆਂ ਉਡਾਣਾਂ 'ਤੇ ਉੱਤਰੀ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਨਾਲ ਯਾਤਰੀਆਂ ਨੂੰ ਜੋੜਦੀਆਂ ਹਨ।

ਕੋਰੋਨਾਕਾਲ ਦੌਰਾਨ ਕਤਰ ਏਅਰ ਬਬਲ ਸਮਝੌਤਿਆਂ  ਤਹਿਤ 3-ਹਫਤਾਵਾਰੀ ਉਡਾਣਾਂ ਦਾ ਸੰਚਾਲਨ ਕਰ ਰਹੀ ਸੀ ਪਰ ਅਚਾਨਕ ਇਹ ਉਡਾਣਾਂ ਪਿਛਲੇ ਸਾਲ 18 ਦਸੰਬਰ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਤਰ ਏਅਰਵੇਜ਼ ਅੰਮ੍ਰਿਤਸਰ ਨੂੰ ਪਿਛਲੇ 12 ਸਾਲਾਂ ਤੋਂ ਦੋਹਾ ਰਾਹੀਂ ਦੁਨੀਆਂ ਭਰ ਦੇ 140 ਤੋਂ ਵੀ ਵੱਧ ਸ਼ਹਿਰਾਂ ਨਾਲ ਜੋੜਦੀ ਰਹੀ ਹੈ ਜਿਸ ਵਿੱਚ ਯੂਰਪ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਅਫਰੀਕਾ ਆਦਿ ਮੁਲਕਾਂ ਦੇ ਹਵਾਈ ਅੱਡੇ ਸ਼ਾਮਲ ਹਨ।

ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਦਿੱਲੀ ਦੀ ਬਜਾਏ ਦੋਹਾ ਰਾਹੀਂ ਅੰਮ੍ਰਿਤਸਰ ਲਈ ਉਡਾਣਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਦਿੱਲੀ ਦੇ ਰਸਤੇ ਯਾਤਰਾ ਕਰਨ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।