ਲੁਧਿਆਣਾ : ਆਪਸੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ, ਇੱਕ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਆਗੂ ਸਮੇਤ ਅੱਧਾ ਦਰਜਨ ਲੋਕਾਂ 'ਤੇ ਕਤਲ ਦਾ ਪਰਚਾ ਦਰਜ 

Murder

ਲੁਧਿਆਣਾ : ਸਥਾਨਕ ਟਿੱਬਾ ਰੋਡ ’ਤੇ ਕਾਂਗਰਸੀ ਵਰਕਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਿਆ ਹੈ। ਇਹ ਲੜਾਈ ਆਪਸੀ ਰੰਜਿਸ਼ ਦੇ ਚਲਦੇ ਹੋਈ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਵਾਰਦਾਤ ਸੁਤੰਤਰ ਨਗਰ ਦੇ ਟਿੱਬਾ ਥਾਣਾ ਅਧੀਨ ਦੀ ਹੈ ਜਿਥੇ ਦੋ ਧਿਰਾਂ ਵਿਚਕਰ ਹੋਈ ਲੜਾਈ ਨੇ ਖੂਨੀ ਰੂਪ ਧਾਰ ਲਿਆ ਅਤੇ ਇੱਕ ਕਾਂਗਰਸੀ ਵਰਕਰ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਮੰਗਤ ਰਾਮ ਉਰਫ ਮੰਗ (58) ਵਜੋਂ ਹੋਈ ਹੈ ਅਤੇ ਉਹ ਵਾਰਡ ਨੰਬਰ 12 ਦਾ ਕਾਂਗਰਸੀ ਪ੍ਰਧਾਨ ਦੱਸਿਆ ਜਾ ਰਿਹਾ ਹੈ। ਹਮਲੇ ਦੇ ਸਮੇਂ ਮੰਗਤ ਰਾਮ ਇਲਾਕੇ ’ਚ ਬਣ ਰਹੇ ਮੰਦਰ ਦੀ ਨਿਰਮਾਣ ਅਧੀਨ ਬਿਲਡਿੰਗ ਦੇ ਬਾਹਰ ਬੈਠਾ ਸੀ। ਇਸ ਦੌਰਾਨ ਪਰਮਜੀਤ ਸਿੰਘ ਪੰਮਾ ਆਪਣੇ ਸਾਥੀਆਂ ਨਾਲ ਉੱਥੇ ਆਇਆ ਅਤੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ।

ਇਸ ਦੌਰਾਨ ਪੰਮੇ ਦੇ ਕੁੱਝ ਸਾਥੀ ਵੀ ਡੰਡੇ ਅਤੇ ਲਾਠੀਆਂ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੇ ਮੰਗਤ ਰਾਏ ’ਤੇ ਹਮਲਾ ਕਰ ਦਿੱਤਾ ਅਤੇ ਬਾਅਦ ’ਚ ਉਸ ਦਾ ਮੋਟਰਸਾਈਕਲ ਵੀ ਤੋੜ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਜ਼ਖਮੀ ਹਾਲਤ ਵਿਚ ਮੰਗਤ ਨੂੰ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਇਸ ਮਾਮਲੇ ’ਚ ਅਕਾਲੀ ਨੇਤਾ ਪਰਮਜੀਤ ਸਿੰਘ ਉਰਫ਼ ਪੰਮਾ, ਸੁਮਿਤ ਅਰੋੜਾ, ਰਣਜੀਤ ਬਜਾਜ ਸਮੇਤ ਅੱਧਾ ਦਰਜਨ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।