ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਦਿਅਕ ਅਦਾਰਿਆਂ ਅਤੇ ਧਾਰਮਿਕ ਅਦਾਰਿਆਂ ਨਾਲੋਂ ਕਿਤੇ ਵੱਧ
ਪੰਜਾਬ ਵਿਚ ਕਈ ਪਿੰਡ ਅਜਿਹੇ ਵੀ ਹਨ ਜਿਥੇ ਕੋਈ ਵੀ ਗੁਰਦੁਆਰਾ ਸਾਹਿਬ ਅਤੇ ਕੋਈ ਵੀ ਸਕੂਲ ਨਹੀਂ ਪਰ ਉਥੇ ਸ਼ਰਾਬ ਦਾ ਠੇਕਾ ਜ਼ਰੂਰ ਹੈ।
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਸਰਕਾਰ ਕੋਲ ਆਮਦਨ ਦਾ ਮੁੱਖ ਜ਼ਰੀਆ ਸ਼ਰਾਬ ਹੈ। ਸ਼ਰਾਬ ਦੀ ਆਮਦਨ ਤੋਂ ਇਕੱਤਰ ਹੋਏ ਮਾਲੀਏ ਦੁਆਰਾ ਪੰਜਾਬ ਦੇ ਖ਼ਜ਼ਾਨੇ ਨੂੰ ਭਰਿਆ ਜਾਂਦਾ ਰਿਹਾ ਹੈ। ਪੰਜਾਬ ਵਿਚ ਇਸ ਵੇਲੇ ਤਕਰੀਬਨ 12581 ਪਿੰਡ ਹਨ ਜਿਨ੍ਹਾਂ ਵਿਚ 12 ਹਜ਼ਾਰ ਤੋਂ ਵੱਧ ਠੇਕੇ ਹਨ ਜਦਕਿ ਸ਼ਹਿਰਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਨਗਰ ਕਾਰਪੋਰੇਸ਼ਨਾਂ ਵਿਚ ਖੋਲ੍ਹੇ ਗਏ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਖਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਘਰਾਂ ਤੋਂ ਸਕੂਲ ਅਤੇ ਹਸਪਤਾਲ ਦੂਰ ਹਨ ਜਦ ਕਿ ਸ਼ਰਾਬ ਦੇ ਠੇਕੇ ਨੇੜੇ ਹਨ।
ਪੰਜਾਬ ਵਿਚ ਇਸ ਸਮੇਂ 12880 ਪ੍ਰਾਇਮਰੀ ਸਕੂਲ, 2670 ਮਿਡਲ ਸਕੂਲ, 1740 ਹਾਈ ਸਕੂਲ ਅਤੇ 1972 ਸੀਨੀਅਰ ਸੈਕੰਡਰੀ ਸਕੂਲ ਹਨ ਜਦਕਿ ਸੂਬੇ ਅੰਦਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੀ ਸਕੂਲਾਂ-ਕਾਲਜਾਂ ਦੀ ਗਿਣਤੀ ਦੇ ਨੇੜੇ-ਤੇੜੇ ਹੀ ਨਹੀਂ ਬਲਕਿ ਵੱਧ ਹੈ। ਇਸੇ ਤਰ੍ਹਾਂ ਪੰਜਾਬ ਵਿਚ ਵੱਖ-ਵੱਖ ਧਰਮਾਂ ਅਤੇ ਮਜ਼੍ਹਬਾਂ ਨਾਲ ਸਬੰਧ ਰਖਦੇ ਡੇਰਿਆਂ ਦੀ ਗਿਣਤੀ 2006-07 ਦੇ ਇਕ ਸਰਵੇ ਮੁਤਾਬਕ ਲਗਭਗ 9000 ਕੀਤੀ ਗਈ ਸੀ ਪਰ ਹੁਣ 15 ਸਾਲ ਬੀਤਣ ਉਪਰੰਤ ਇਨ੍ਹਾਂ ਦੀ ਗਿਣਤੀ ਵਿਚ ਵੀ ਯਕੀਨਨ ਵਾਧਾ ਹੋ ਚੁੱਕਾ ਹੋਵੇਗਾ ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਸ਼ਰਾਬ ਦੇ ਠੇਕਿਆਂ ਨਾਲੋਂ ਕਾਫ਼ੀ ਘੱਟ ਹੈ। ਸੂਬੇ ਦੇ 12581 ਪਿੰਡਾਂ ਵਿਚ ਘੱਟੋ ਘੱਟ ਇਕ ਗੁਰਦਵਾਰਾ ਸਾਹਿਬ ਜ਼ਰੂਰ ਹੈ ਪਰ 10-15 ਫ਼ੀ ਸਦੀ ਪਿੰਡਾਂ ਵਿਚ ਦੋ ਜਾਂ ਦੋ ਤੋਂ ਵੱਧ ਗੁਰਦਵਾਰੇ ਹਨ।
ਪੰਜਾਬ ਵਿਚ ਕਈ ਪਿੰਡ ਅਜਿਹੇ ਵੀ ਹਨ ਜਿਥੇ ਕੋਈ ਵੀ ਗੁਰਦੁਆਰਾ ਸਾਹਿਬ ਅਤੇ ਕੋਈ ਵੀ ਸਕੂਲ ਨਹੀਂ ਪਰ ਉਥੇ ਸ਼ਰਾਬ ਦਾ ਠੇਕਾ ਜ਼ਰੂਰ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੀਆਂ ਤਤਕਾਲੀ ਸਰਕਾਰਾਂ ਅਪਣੀ ਆਬਕਾਰੀ ਨੀਤੀ ਨੂੰ ਕਿੰਨਾ ਕਾਰਗਰ ਅਤੇ ਲਚਕਦਾਰ ਬਣਾ ਕੇ ਰਖਦੀਆਂ ਸਨ ਤਾਕਿ ਸੂਬੇ ਦਾ ਕੋਈ ਵੀ ਪਿੰਡ ਜਾਂ ਕੋਈ ਵਿਅਕਤੀ ਇਸ ਤੋਂ ਵਾਂਝਾ ਜਾਂ ਅਣਭਿੱਜ ਨਾ ਰਹਿ ਜਾਵੇ। ਬਾਕੀ ਜਿੱਥੇ ਵੀ ਸ਼ਰਾਬ ਦਾ ਠੇਕਾ ਮੌਜੂਦ ਹੈ ਉਸ ਨੂੰ ਵਿਖਾਉਣ ਲਈ “ਠੇਕਾ ਸ਼ਰਾਬ ਦੇਸ਼ੀ” ਬਹੁਤ ਮੋਟੇ ਅੱਖਰਾਂ ਵਿਚ ਲਿਖਿਆ ਜਾਂਦਾ ਹੈ ਤਾਕਿ ਹਰ ਕੋਈ ਇਸ ਨੂੰ ਪੜ੍ਹ ਕੇ ਨਿਹਾਲ ਜ਼ਰੂਰ ਹੋ ਜਾਵੇ।
ਬਾਕੀ ਕਿਸੇ ਵੀ ਧਾਰਮਕ ਸਥਾਨ, ਕਿਸੇ ਵੀ ਹਸਪਤਾਲ ਜਾਂ ਕਿਸੇ ਵੀ ਵਿਦਿਅਕ ਅਦਾਰੇ ਦਾ ਨਾਂ ਇੰਨੇ ਵੱਡੇ ਅੱਖਰਾਂ ਵਿਚ ਲਿਖਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ।ਹੁਣ ਆਮ ਲੋਕਾਂ ਦਾ ਕਹਿਣਾ ਹੈ ਕਿ ਆਮ ਆਂਦਮੀ ਪਾਰਟੀ ਦੇ ਆਉਣ ਨਾਲ ਵਿਦਿਅਕ ਅਦਾਰਿਆਂ ਦੀ ਗਿਣਤੀ ਵਧਦੀ ਹੈ ਜਾਂ ਫਿਰ ਡੇਰਿਆਂ ਅਤੇ ਸ਼ਰਾਬ ਦੇ ਠੇਕਿਆਂ ਦੀ ਕਿਉਂ ਕਿ ਕਿਸੇ ਵਿਦਵਾਨ ਨੇ ਲਿਖਿਆ ਹੈ ਜਿਥੇ ਸਕੂਲ ਅਤੇ ਕਾਲਜ ਉਸਾਰਨ ਲਈ ਸਰਕਾਰਾਂ ਗੰਭੀਰ ਹੋਣ ਉਥੇ ਜੇਲਾਂ ਉਸਾਰਨ ਦੀ ਲੋੜ ਨਹੀ ਪੈਂਦੀ।