ਅੰਮ੍ਰਿਤਸਰ ’ਚ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕੀਤਾ ਕਤਲ
ਪਤੀ ਨਾਲ ਸਮੋਸਿਆਂ ਦੀ ਰੇਹੜੀ ਲਾਉਂਦੀ ਸੀ ਮ੍ਰਿਤਕ ਨੌਜਵਾਨ
ਅੰਮ੍ਰਿਤਸਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਮੋਹਕਮਪੁਰਾ ਥਾਣੇ ਅਧੀਨ ਪੈਂਦੇ ਇੰਟਰਨੈਸ਼ਨਲ ਬੱਸ ਸਟੈਂਡ ਕੋਲ ਇਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਜਨਾਨੀ ਦੀ ਪਹਿਚਾਣ ਕਮਲੇਸ਼ ਰਾਣੀ (55) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਘਰਵਾਲੇ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਮਲੇਸ਼ ਰਾਣੀ ਨਾਲ ਮਿਲ ਕੇ ਸੜਕ 'ਤੇ ਸਮੋਸਿਆਂ ਅਤੇ ਜਲੇਬੀਆਂ ਦੀ ਰੇਹੜੀ ਲਾਉਂਦਾ ਹੈ।
ਐਤਵਾਰ ਸ਼ਾਮ ਨੂੰ ਉਸ ਦੀ ਪਤਨੀ ਘਰ ਵਿਚ ਆਰਾਮ ਕਰ ਰਹੀ ਸੀ। ਗਾਹਕਾਂ ਦੀ ਵੱਡੀ ਗਿਣਤੀ ਹੋਣ ਕਾਰਨ ਸਮੋਸੇ ਖ਼ਤਮ ਹੋ ਗਏ ਸਨ। ਉਸਨੇ ਇੱਕ ਗੁਆਂਢੀ ਨੂੰ ਬੁਲਾਇਆ ਅਤੇ ਕਮਲੇਸ਼ ਨੂੰ ਘਰ ’ਚੋਂ ਸਮੋਸੇ ਲਿਆਉਣ ਦਾ ਸੁਨੇਹਾ ਭੇਜਿਆ।
ਜਦੋਂ ਗੁਆਂਢੀ ਘਰ ਪਹੁੰਚਿਆ ਤਾਂ ਦੇਖਿਆ ਕਿ ਕਮਲੇਸ਼ ਦੀ ਲਾਸ਼ ਘਰ ਦੇ ਇਕ ਕਮਰੇ 'ਚ ਪਈ ਹੋਈ ਸੀ। ਉਸ ਦੇ ਗੁਆਂਢੀ ਨੇ ਤੁਰੰਤ ਉਸ ਕੋਲ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿੱਤੀ।
ਉਸ ਦੀ ਪਤਨੀ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।