Punjab News: ਅਮਰੂਦ ਬਾਗ ਘੁਟਾਲਾ; 108 ਅਫ਼ਸਰਾਂ ਦੇ 118 ਬੈਂਕ ਖਾਤਿਆਂ ਅਤੇ ਸੰਪਤੀਆਂ ਦੀ ਹੋਵੇਗੀ ਜਾਂਚ
ਪੰਜਾਬ ਵਿਜੀਲੈਂਸ ਨੇ ਵਧਾਇਆ ਜਾਂਚ ਦਾ ਘੇਰਾ
Punjab News: ਅਮਰੂਦ ਘੁਟਾਲੇ ਵਿਚ ਪੰਜਾਬ ਵਿਜੀਲੈਂਸ ਨੇ ਅਪਣੀ ਜਾਂਚ ਦਾ ਘੇਰਾ ਵਧਾ ਕੇ ਹੁਣ ਤਕ ਨਾਮਜ਼ਦ 108 ਮੁਲਜ਼ਮਾਂ ਦੇ 118 ਬੈਂਕ ਖਾਤਿਆਂ ਅਤੇ ਉਨ੍ਹਾਂ ਦੇ ਲਾਕਰਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਵਿਜੀਲੈਂਸ ਏਆਈਜੀ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਬੈਂਕ ਖਾਤਿਆਂ ਅਤੇ ਲਾਕਰਾਂ ਦੀ ਜਾਂਚ ਦੀ ਜ਼ਿੰਮੇਵਾਰੀ ਲਈ ਹੈ। ਸੂਤਰਾਂ ਅਨੁਸਾਰ ਟੀਮ ਇਹ ਜਾਂਚ ਕਰੇਗੀ ਕਿ ਮੁਲਜ਼ਮਾਂ ਨੇ ਅਪਣੇ ਕਾਰਜਕਾਲ ਦੌਰਾਨ ਕਿੰਨੇ ਲੈਣ-ਦੇਣ ਕੀਤੇ ਹਨ ਅਤੇ ਕੀ ਇਹ ਲੈਣ-ਦੇਣ ਉਨ੍ਹਾਂ ਦੀ ਆਮਦਨ ਦੇ ਅਨੁਸਾਰ ਹਨ।
ਦੱਸ ਦੇਈਏ ਪੰਜਾਬ 'ਚ ਮੁਹਾਲੀ ਹਵਾਈ ਅੱਡੇ ਨੇੜੇ ਐਕਵਾਇਰ ਕੀਤੀ ਜ਼ਮੀਨ 'ਚ ਅਮਰੂਦ ਦੇ ਫਰਜ਼ੀ ਬਾਗ ਦਿਖਾ ਕੇ ਲੋਕਾਂ ਨੇ ਕਰੋੜਾਂ ਰੁਪਏ ਹਾਸਲ ਕੀਤੇ ਸਨ। ਇਸ ਮਾਮਲੇ ਵਿਚ ਦੋ ਆਈਏਐਸ ਅਧਿਕਾਰੀਆਂ ਦੀਆਂ ਪਤਨੀਆਂ, ਪ੍ਰਾਪਰਟੀ ਡੀਲਰ, ਕਈ ਸਰਕਾਰੀ ਅਧਿਕਾਰੀ ਮੁਲਜ਼ਮ ਹਨ।
ਬੀਤੇ ਦਿਨ ਪੰਜਾਬ ਅਗੇਂਸਟ ਕਰਪਸ਼ਨ (ਆਈਏਸੀ) ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਸਕੱਤਰ ਪੰਜਾਬ ਅਤੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਵੀ ਕੀਤੀ ਹੈ।
ਸਤਨਾਮ ਦਾਊਂ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਨੇ ਸਖਤ ਮਿਹਨਤ ਕਰਕੇ ਇਸ ਸਬੰਧੀ ਸਬੂਤ ਇਕੱਠੇ ਕੀਤੇ ਸਨ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇਸ ਘੁਟਾਲੇ 'ਚ ਕਾਰਵਾਈ ਵੀ ਜਾਰੀ ਹੈ। ਅਦਾਲਤ ਦੇ ਆਦੇਸ਼ 'ਤੇ ਕਈ ਮੁਲਜ਼ਮਾਂ ਨੇ ਪੰਜਾਬ ਸਰਕਾਰ ਦੇ ਖਾਤੇ 'ਚ ਕਰੋੜਾਂ ਰੁਪਏ ਵੀ ਜਮ੍ਹਾ ਕਰਵਾਏ ਹਨ। ਹਾਲਾਂਕਿ ਕੁੱਝ ਲੋਕਾਂ ਵਲੋਂ ਪੈਸੇ ਜਮ੍ਹਾ ਕਰਵਾਏ ਜਾ ਰਹੇ ਹਨ। ਇਸ ਘੁਟਾਲੇ 'ਚ ਕਈ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਲਤ ਮੁਆਵਜ਼ਾ ਵੀ ਮਿਲਿਆ। ਅਜਿਹੇ 'ਚ ਇਸ ਮਾਮਲੇ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।