Punjab News: ਪੀਸੀਐਸ ਨੂੰ ਝੂਠੇ ਕੇਸ ’ਚ ਫਸਾਉਣ ਦਾ ਮਾਮਲਾ; ਗ੍ਰਹਿ ਵਿਭਾਗ ਵਲੋਂ ਤਿੰਨ ਪੁਲਿਸ ਮੁਲਾਜ਼ਮਾਂ ਵਿਰੁਧ FIR ਦਰਜ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਜ਼ਾਮ ਹਨ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਦੋ ਨਿੱਜੀ ਟਰਾਂਸਪੋਰਟਰਾਂ ਨਾਲ ਮਿਲ ਕੇ ਪੀਸੀਐਸ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਗਈ

Image: For representation purpose only.

Punjab News: ਗ੍ਰਹਿ ਵਿਭਾਗ ਨੇ ਡੀਜੀਪੀ ਪੰਜਾਬ ਨੂੰ ਸੂਬੇ ਦੇ ਇਕ ਪੀਸੀਐਸ ਅਧਿਕਾਰੀ ਨੂੰ ਝੂਠਾ ਫਸਾਉਣ ਦੇ ਦੋਸ਼ ਵਿਚ ਤਿੰਨ ਪੁਲਿਸ ਅਧਿਕਾਰੀਆਂ ਵਿਰੁਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿਤੇ ਹਨ। ਮਾਮਲਾ ਸਾਲ 2020 ਦਾ ਹੈ। ਹਾਲਾਂਕਿ ਪਿਛਲੀ ਜਨਵਰੀ ਵਿਚ ਮੁੱਖ ਮੰਤਰੀ ਨੇ ਵਿਜੀਲੈਂਸ ਅਤੇ ਪੰਜਾਬ ਪੁਲਿਸ ਨੂੰ ਵੀ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਕਿਹਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਗ੍ਰਹਿ ਵਿਭਾਗ ਨੇ ਮਾਮਲੇ ਵਿਚ ਕੇਸ ਦਰਜ ਕਰਨ ਲਈ ਕਿਹਾ ਹੈ।

ਫਰੀਦਕੋਟ ਦੀ ਖੇਤਰੀ ਟਰਾਂਸਪੋਰਟ ਅਥਾਰਟੀ ਵਿਚ ਸਕੱਤਰ ਦੇ ਅਹੁਦੇ ਉਤੇ ਤਾਇਨਾਤ ਪੀਸੀਐਸ ਅਧਿਕਾਰੀ ਤਰਸੇਮ ਚੰਦ ਵਿਰੁਧ ਜੂਨ 2020 ਨੂੰ ਦੋ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਮਿਲੀਭੁਗਤ ਨਾਲ ਭ੍ਰਿਸ਼ਟਾਚਾਰ ਕਰਨ ਦੇ ਇਕ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਗ੍ਰਹਿ ਵਿਭਾਗ ਨੇ ਮਾਮਲੇ ਵਿਚ ਡੀਐਸਪੀ ਹਰਵਿੰਦਰ ਪਾਲ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਏਐਸਆਈ ਗੁਰਮੀਤ ਸਿੰਘ ਅਤੇ ਹੈੱਡ ਕਾਂਸਟੇਬਲ ਕਰਣਦੀਪ ਸਿੰਘ ਵਿਰੁਧ ਮਾਮਲਾ ਦਰਜ ਕਰਨ ਲਈ ਕਿਹਾ ਹੈ।

ਇਲਜ਼ਾਮ ਹਨ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਦੋ ਨਿੱਜੀ ਟਰਾਂਸਪੋਰਟਰਾਂ ਨਾਲ ਮਿਲ ਕੇ ਪੀਸੀਐਸ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਜਿਸ ਸਮੇਂ ਇਹ ਸਾਜ਼ਿਸ਼ ਰਚੀ ਗਈ, ਉਸ ਸਮੇਂ ਤਿੰਨੋਂ ਪੁਲਿਸ ਮੁਲਾਜ਼ਮ ਵਿਜੀਲੈਂਸ ਬਿਊਰੋ ਵਿਚ ਤਾਇਨਾਤ ਸਨ। ਬਾਅਦ ਵਿਚ ਇਨ੍ਹਾਂ ਨੂੰ ਵਿਜੀਲੈਂਸ ਤੋਂ ਬਾਹਰ ਕਰ ਦਿਤਾ ਗਿਆ।

ਪੀਸੀਐਸ ਅਧਿਕਾਰੀ ਸੰਘ ਵਲੋਂ ਦਿਤੀ ਸ਼ਿਕਾਇਤ ਮਗਰੋਂ ਮੁੱਖ ਸਕੱਤਰ ਨੇ ਮੁੜ ਜਾਂਚ ਦੇ ਹੁਕਮ ਦਿਤੇ ਸਨ। ਜਾਂਚ ਅਨੁਸਾਰ ਇਹ ਪਾਇਆ ਗਿਆ ਕਿ ਇਨ੍ਹਾਂ ਨੇ ਪੀਸੀਐਸ ਨੂੰ ਝੂਠਾ ਫਸਾਇਆ ਸੀ। ਗ੍ਰਹਿ ਸਕੱਤਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ, ਆਈਪੀਸੀ ਦੀ ਧਾਰਾ 167 ਅਤੇ 220 ਤਹਿਤ ਦੋਸ਼ੀ ਅਧਿਕਾਰੀਆਂ ਵਿਰੁਧ ਮਾਮਲਾ ਦਰਜ ਕਰਨ ਤੋਂ ਇਲਾਵਾ ਪੰਜਾਬ ਸਿਵਲ ਸੇਵਾ ਨਿਯਮਾਂ ਦੀ ਧਾਰਾ 8 ਤਹਿਤ ਦੋਸ਼ ਪੱਤਰ ਦਾਇਰ ਕੀਤਾ ਜਾਵੇ।

ਇਹ ਹੈ ਮਾਮਲਾ

ਵਿਜੀਲੈਂਸ ਦੇ ਡੀਐਸਪੀ ਸੁਰਜੀਤ ਸਿੰਘ (ਹੁਣ ਸੇਵਾਮੁਕਤ) ਵਲੋਂ ਕੀਤੀ ਗਈ ਜਾਂਚ ਅਨੁਸਾਰ ਤਰਸੇਮ ਚੰਦ ਨੂੰ ਸ੍ਰੀ ਮੁਕਤਸਰ ਸਾਹਿਬ ਸਥਿਤ ਨਿੱਜੀ ਟਰਾਂਸਪੋਰਟਰ ਗੁਰਸਾਹਿਬ ਸਿੰਘ ਬਰਾੜ ਅਤੇ ਇਹ ਹੋਰ ਬਾਜ ਸਿੰਘ ਦੀ ਮਿਲੀਭੁਗਤ ਨਾਲ ਫਸਾਇਆ ਗਿਆ ਸੀ। ਨਿੱਜੀ ਟਰਾਂਸਪੋਰਟਰਾਂ ਨੇ ਵਿਜੀਲੈਂਸ ਅਧਿਕਾਰੀਆਂ ਨਾਲ ਮਿਲ ਕੇ ਅਧਿਕਾਰੀ ਦੀ ਕਾਰ ਵਿਚ ਨਕਦੀ ਰੱਖ ਦਿਤੀ ਸੀ। ਇਸ ਮਾਮਲੇ ਦਾ ਖੁਲਾਸਾ ਸੀਸੀਟੀਵੀ ਫੁਟੇਜ ਵਿਚ ਹੋਇਆ ਸੀ।

(For more Punjabi news apart from Order to file FIR against three police personnel , stay tuned to Rozana Spokesman)