Ferozepur News : ਵਿਅਕਤੀ ਤੋਂ ਫ਼ੋਨ ’ਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਜਣੇ ਗ੍ਰਿਫ਼ਤਾਰ
Ferozepur News : ਇਕ ਡੰਮੀ ਪਿਸਤੌਲ, ਇਕ ਮਾਰੂਤੀ ਕਾਰ ਤੇ 7 ਮੋਬਾਈਲ ਬਰਾਮਦ
ਮੱਲਾਂਵਾਲਾ : ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਤੇ ਦਿਨ ਉਸ ਮੁਲਜ਼ਮ ਦਾ ਪਰਦਾਫਾਸ਼ ਕੀਤਾ ਹੈ ਜਿਸਨੇ ਸ਼ਹਿਰ ਦੇ ਤੂੜਾ ਬਾਜ਼ਾਰ ਦੇ ਇੱਕ ਵਿਅਕਤੀ ਨੂੰ ਫ਼ੋਨ ਕਰਕੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਉਕਤ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਪੁਲਿਸ ਨੇ ਉਨ੍ਹਾਂ ਕੋਲੋਂ 1 ਡੰਮੀ ਪਿਸਤੌਲ, 1 ਮਾਰੂਤੀ ਕਾਰ ਅਤੇ 7 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੇ ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਨੇ ਦਸਿਆ ਕਿ 2 ਅਪ੍ਰੈਲ ਨੂੰ ਅਣਪਛਾਤੇ ਵਿਅਕਤੀਆਂ ਨੇ ਆਸ਼ੀਸ਼ ਸ਼ਰਮਾ ਪੁੱਤਰ ਸਤੀਸ਼ ਸ਼ਰਮਾ, ਵਾਸੀ ਮਕਾਨ ਨੰਬਰ 189, ਚੋਪੜਿਆਂ ਵਾਲੀ ਗਲੀ, ਕੁਚਾ, ਦਿਲਸੁਖ ਰਾਏ, ਤੂੜੀ ਬਾਜ਼ਾਰ ਸ਼ਹਿਰ ਨੂੰ ਫ਼ੋਨ ਕਰ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਪੈਸੇ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ।
ਉਨ੍ਹਾਂ ਦਸਿਆ ਕਿ ਉਪਰੋਕਤ ਮਾਮਲੇ ਵਿਚ, ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸੀਆਈਏ ਸਟਾਫ਼ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮੋਹਿਤ ਧਵਨ ਨੇ 24 ਘੰਟਿਆਂ ਦੇ ਅੰਦਰ-ਅੰਦਰ ਕੇਸ ਨੂੰ ਹੱਲ ਕਰ ਲਿਆ ਅਤੇ ਫੋਨ ’ਤੇ ਫਿਰੌਤੀ ਮੰਗਣ ਵਾਲੇ ਮੁਲਜ਼ਮਾਂ, ਚਮਕੌਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਯੋਧ ਸਿੰਘ ਵਾਲਾ, ਜ਼ਿਲ੍ਹਾ ਤਰਨਤਾਰਨ ਅਤੇ ਮੌਜੂਦਾ ਸਮੇਂ ਕੋਠੀ ਨੰਬਰ 198, ਭਾਨ ਸਿੰਘ ਕਾਲੋਨੀ, ਫ਼ਰੀਦਕੋਟ ਦੇ ਵਸਨੀਕ ਕਰਨਦੀਪ ਸ਼ਰਮਾ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਟਿੱਬਰ, ਜ਼ਿਲ੍ਹਾ ਗੁਰਦਾਸਪੁਰ ਅਤੇ ਪਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਵਾਸੀ ਪਟਰੌਲ ਪੰਪ, ਬਸਤੀ ਭੱਟੀਆਂ ਵਾਲੀ, ਫਿਰੋਜ਼ਪੁਰ ਸ਼ਹਿਰ ਨੂੰ ਗਾਂਧੀ ਗਾਰਡਨ, ਫ਼ਿਰੋਜ਼ਪੁਰ ਛਾਉਣੀ ਦੇ ਪਿਛਲੇ ਪਾਸੇ ਤੋਂ ਗਿ੍ਰਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਤੋਂ ਇਕ ਡੰਮੀ ਪਿਸਤੌਲ, ਕਿਸੇ ਤੋਂ ਖੋਹੇ ਗਏ ਮੋਬਾਈਲ ਫ਼ੋਨਾਂ ਸਮੇਤ ਕੁੱਲ 7 ਮੋਬਾਈਲ ਫੋਨ ਅਤੇ ਇੱਕ ਬ੍ਰੇਜ਼ਾ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁਛਗਿੱਛ ਕਰ ਰਹੀ ਹੈ ਤਾਂ ਜੋ ਕੁੱਝ ਅਹਿਮ ਸੁਰਾਗ਼ ਮਿਲਣ ਦੀ ਸੰਭਾਵਨਾ ਹੈ।