Weather News: ਪੰਜਾਬ 'ਚ ਗਰਮੀ ਤੋੜੇਗੀ ਰਿਕਾਰਡ, 4 ਦਿਨਾਂ 'ਚ 5 ਡਿਗਰੀ ਸੈਲਸੀਅਸ ਵਧੇਗਾ ਤਾਪਮਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ 07 ਅਪ੍ਰੈਲ ਤੋਂ 09 ਅਪ੍ਰੈਲ ਤੱਕ ਹੀਟ-ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ

Punjab Weather update latest news in punjabi

 


Weather News: ਪੰਜਾਬ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਗਰਮੀ ਦੀ ਲਹਿਰ ਆਉਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ 07 ਅਪ੍ਰੈਲ ਤੋਂ 09 ਅਪ੍ਰੈਲ ਤੱਕ ਹੀਟ-ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ, ਆਉਣ ਵਾਲੇ 4 ਦਿਨਾਂ ਵਿੱਚ ਰਾਜ ਦਾ ਔਸਤ ਤਾਪਮਾਨ 5 ਡਿਗਰੀ ਸੈਲਸੀਅਸ ਵਧੇਗਾ।

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ ਅਤੇ ਇਹ ਆਮ ਨਾਲੋਂ 2.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। 

ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 5.6 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਫ਼ਰੀਦਕੋਟ ਦਾ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਹੈ। ਪਟਿਆਲਾ ਵਿੱਚ ਤਾਪਮਾਨ 37.2 ਡਿਗਰੀ ਸੈਲਸੀਅਸ, ਫਰੀਦਕੋਟ ਵਿੱਚ 37.0 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 37.2 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 33 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 34.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 30.8 ਡਿਗਰੀ ਸੈਲਸੀਅਸ, ਮੋਹਾਲੀ ਵਿੱਚ 35 ਡਿਗਰੀ ਸੈਲਸੀਅਸ ਅਤੇ ਹੁਸ਼ਿਆਰਪੁਰ ਵਿੱਚ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧ ਸਕਦਾ ਹੈ, ਜਿਸ ਕਾਰਨ ਗਰਮੀ ਦੀ ਲਹਿਰ ਆਉਣ ਦੀ ਸੰਭਾਵਨਾ ਹੈ। 07 ਅਪ੍ਰੈਲ ਤੋਂ 09 ਅਪ੍ਰੈਲ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਦੀ ਲਹਿਰ ਦਾ ਪ੍ਰਭਾਵ ਰਹੇਗਾ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਸ਼ੁਰੂਆਤ ਵਿੱਚ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਹੀਟਵੇਵ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ, ਇਹ ਹੌਲੀ-ਹੌਲੀ ਦੂਜੇ ਜ਼ਿਲ੍ਹਿਆਂ ਵਿੱਚ ਵੀ ਫੈਲ ਜਾਵੇਗਾ।