ਹੌਲਦਾਰ ਰਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ
ਜੱਦੀ ਪਿੰਡ ਵਿੰਝਵਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ।
ਬਟਾਲਾ, 3 ਮਈ (ਗੋਰਾਇਆ/ਰਿੰਕੂ ਰਾਜਾ): ਭਾਰਤੀ ਫ਼ੌਜ ਦੇ ਜਵਾਨ ਹੌਲਦਾਰ ਰਜਿੰਦਰ ਕੁਮਾਰ ਜਿਸ ਦੀ 1 ਮਈ ਨੂੰ ਸਿਆਚਨ ਗਲੇਸ਼ੀਅਰ ਵਿਚ ਸਰਹੱਦ ਦੀ ਰਾਖੀ ਕਰਦਿਆਂ ਮੌਤ ਹੋ ਗਈ ਸੀ, ਅੱਜ ਉਸ ਦੇ ਜੱਦੀ ਪਿੰਡ ਵਿੰਝਵਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ।
ਬਟਾਲਾ ਤਹਿਸੀਲ ਦੇ ਪਿੰਡ ਵਿੰਝਵਾਂ ਦੇ ਵਸਨੀਕ ਰਾਜ ਕੁਮਾਰ ਅਤੇ ਸ੍ਰੀਮਤੀ ਤਾਰਾ ਰਾਣੀ ਦੇ ਸਪੁੱਤਰ ਰਜਿੰਦਰ ਕੁਮਾਰ (35 ਸਾਲ) ਜੋ ਕਿ ਸੰਨ 2000 ਵਿਚ ਭਾਰਤੀ ਫ਼ੌਜ ਦੀ 16 ਸਿੱਖ ਲਾਈਟ ਇਨਫ਼ੈਂਟਰੀ ਵਿਚ ਭਰਤੀ ਹੋਇਆ ਸੀ, ਇਸ ਸਮੇਂ ਸਿਆਚਨ ਗਲੇਸ਼ੀਅਰ ਵਿਖੇ ਸੇਵਾਵਾਂ ਨਿਭਾ ਰਿਹਾ ਸੀ। ਸਿਆਚਨ ਗਲੇਸ਼ੀਅਰ ਵਿਚ ਭਾਰਤੀ ਫ਼ੌਜ ਵਲੋਂ ਚਲਾਏ ਜਾ ਰਹੇ ਓਪਰੇਸ਼ਨ ਮੇਘ ਦੂਤ ਅਭਿਆਸ ਦੌਰਾਨ ਹੌਲਦਾਰ ਰਜਿੰਦਰ ਕੁਮਾਰ ਦੀ ਬਰਫ਼ੀਲੇ ਮੌਸਮ ਕਾਰਨ ਅਚਾਨਕ ਮੌਤ ਹੋ ਗਈ। ਹੌਲਦਾਰ ਰਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਤਿਰੰਗੇ ਝੰਡੇ ਵਿਚ ਲਿਪਟੀ ਹੋਈ ਜਦੋਂ ਪਿੰਡ ਵਿੰਝਵਾਂ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਹਜ਼ਾਰਾਂ ਨਮ ਅੱਖਾਂ ਨੇ ਅਪਣੇ ਨਾਇਕ ਨੂੰ ਅੰਤਮ ਵਿਦਾਇਗੀ ਦਿਤੀ।
ਸ਼ਮਸ਼ਾਨਘਾਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਲਛਮਣ ਸਿੰਘ ਅਤੇ ਪੁਲਿਸ ਵਿਭਾਗ ਵਲੋਂ ਐਸ.ਐਚ.ਓ. ਅਮੋਲਕਦੀਪ ਸਿੰਘ ਵਲੋਂ ਰੀਥ ਭੇਂਟ ਕਰ ਕੇ ਹੌਲਦਾਰ ਰਜਿੰਦਰ ਕੁਮਾਰ ਨੂੰ ਸ਼ਰਧਾਂਜਲੀ ਦਿਤੀ ਗਈ। ਇਸ ਨਾਲ ਹੀ ਤਿਬੜੀ ਛਾਉਣੀ ਤੋਂ ਪੁੱਜੇ 24 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਵਲੋਂ ਹਥਿਆਰ ਉਲਟੇ ਕਰ ਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਅਤੇ ਮਾਤਮੀ ਧੁੰਨ ਵਜਾ ਕੇ ਅਪਣੇ ਸਾਥੀ ਜਵਾਨ ਨੂੰ ਸ਼ਰਧਾਂਜਲੀ ਦਿਤੀ। ਹੌਲਦਾਰ ਰਜਿੰਦਰ ਕੁਮਾਰ ਦੀ ਚਿਖਾ ਨੂੰ ਅਗਨੀ ਉਸ ਦੇ 8 ਸਾਲਾ ਸਪੁੱਤਰ ਜਸਰੋਜ ਸਿੰਘ ਅਤੇ ਉਸ ਦੇ ਪਿਤਾ ਰਾਜ ਕੁਮਾਰ ਵਲੋਂ ਸਾਂਝੇ ਤੌਰ 'ਤੇ ਦਿਖਾਈ ਗਈ। ਹੌਲਦਾਰ ਰਜਿੰਦਰ ਕੁਮਾਰ ਅਪਣੇ ਪਿਛੇ ਪਤਨੀ ਰਾਜਵਿੰਦਰ ਕੌਰ, ਬੇਟਾ ਜਸਰੋਜ ਸਿੰਘ (8), ਬੇਟੀ ਗੁਰਲੀਨ ਕੌਰ (12), ਪਿਤਾ ਰਾਜ ਕੁਮਾਰ, ਮਾਤਾ ਤਾਰਾ ਰਾਣੀ, ਦਾਦੀ ਕੁਸ਼ਲਿਆ, ਭਰਾ ਰਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਭੈਣ ਸਰਬਜੀਤ ਕੌਰ ਨੂੰ ਛੱਡ ਗਏ ਹਨ। ਇਸ ਮੌਕੇ ਰਮਨਦੀਪ ਸਿੰਘ ਸੰਧੂ, ਪਲਵਿੰਦਰ ਸਿੰਘ ਲੰਬੜਦਾਰ, ਸੁੱਖ ਘੁਮਾਣ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।