ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ 13 ਸੀਟਾਂ ਜਿੱਤਣ ਦਾ ਮਿਸ਼ਨ ਹੋਵੇਗਾ ਪੂਰਾ : ਮਨੀਸ਼ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨੀਸ਼ ਤਿਵਾੜੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਭਾਜਪਾ ਨੇ ਇਸ ਇਲਾਕੇ ਲਈ ਕੁੱਝ ਵੀ ਨਹੀਂ ਕੀਤਾ

Manish Tiwari

ਚੰਡੀਗੜ੍ਹ: ਪੰਜਾਬ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ‘ਸਪੋਕਸਮੈਨ ਵੈੱਬਟੀਵੀ’ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਚੋਣਾਂ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਮੌਜੂਦਾ ਹਾਲਾਤਾਂ ਤੇ ਚੁਣਾਵੀ ਮਾਹੌਲ ਨੂੰ ਲੈ ਕੇ ਵਿਰੋਧੀਆਂ ’ਤੇ ਨਿਸ਼ਾਨੇ ਵੀ ਸਾਧੇ। 2019 ਦੀਆਂ ਲੋਕ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਕੱਲ ਕਾਂਗਰਸ ਸਰਕਾਰ ਦਾ ਜ਼ਿਆਦਾ ਬੋਲਬਾਲਾ ਹੈ ਅਤੇ ਕਾਂਗਰਸ ਸਰਕਾਰ ਨੂੰ ਜ਼ਿਆਦਾ ਸਾਥ ਮਿਲ ਰਿਹਾ ਹੈ।

ਮਨੀਸ਼ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਲਈ ਕੈਪਟਨ ਅਮਰਿੰਦਰ ਸਿੰਘ ਦਾ ਮਿਸ਼ਨ 13 ਪੂਰਾ ਹੋਵੇਗਾ ਯਾਨੀ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਵਿਚ ਕਾਂਗਰਸ ਪੂਰੀ ਤਰਾਂ ਕਾਮਯਾਬ ਹੋਵੇਗੀ। ਉਹਨਾਂ ਨੇ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਖੇਰੂੰ ਖੇਰੂੰ ਹੋ ਚੁੱਕੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਕੱਲ ਵਿਰੋਧੀ ਧਿਰ ਦੇ ਨਾਂ ਤੇ ਕੁੱਝ ਵੀ ਨਹੀਂ ਹੈ ਇਸ ਲਈ ਲੋਕ ਕਾਂਗਰਸ ਪਾਰਟੀ ਨੂੰ ਜ਼ਿਆਦਾ ਤਵੱਜੋਂ ਦੇ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਲੋਕ ਆਪਣੇ ਆਪ ਮਿਹਨਤ ਕਰਦੇ ਹਨ।

ਮਨੀਸ਼ ਤਿਵਾੜੀ ਨੇ ਭਾਜਪਾ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਨੰਦਪੁਰ ਸਾਹਿਬ ਦਾ ਇਲਾਕਾ ਪੂਰੀ ਤਰਾਂ ਵਿਕਾਸ ਤੋਂ ਵਾਂਝਾ ਰਿਹਾ ਹੈ ਕਿਉਂਕਿ ਪਿਛਲੇ 10 ਸਾਲ ਇੱਥੇ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ। ਅਕਾਲੀ ਭਾਜਪਾ ਦੀ ਸਰਕਾਰ ਹੋਣ ਕਰਕੇ ਕੰਡੀ ਦੇ ਇਲਾਕੇ ਵਿਚ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਕਿ ਸਭ ਤੋਂ ਪਹਿਲਾਂ ਇਸ ਨੀਮ ਪਹਾੜੀ ਇਲਾਕੇ ਵਿਚ ਕਾਰਖਾਨੇ ਸਥਾਪਿਤ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਵਾਤਾਵਰਣ ਦੀ ਸੰਭਾਲ ਹੋਵੇ ਅਤੇ ਇੱਥੇ ਤਿੰਨ ਵੱਡੇ ਕਾਰਖਾਨੇ ਹੋਣ ਇਕ ਪਬਲਿਕ ਅਤੇ ਦੋ ਨਿੱਜੀ ਕਾਰਖਾਨੇ ਹੋਣ।

ਉਹਨਾਂ ਨੇ ਕਿਹਾ ਚਮਕੌਰ ਸਾਹਿਬ ਵਿਚ 500 ਏਕੜ ਜ਼ਮੀਨ ਪੰਜਾਬ ਸਰਕਾਰ ਨੇ ਲੈ ਲਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਸਰਕਾਰ ਨੇ ਕਿਸੇ ਵੀ ਸੜਕ ਦੀ ਕੋਈ ਰਿਪੇਅਰ ਨਹੀਂ ਕਰਵਾਈ ਅਤੇ ਪਿਛਲੇ 25 ਮਹੀਨਿਆਂ ਵਿਚ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਨੇ ਇਹਨਾਂ ਸੜਕਾਂ ਦੀ ਰਿਪੇਅਰ ਕਰਵਾਈ। ਮਨੀਸ਼ ਤਿਵਾੜੀ ਨੇ ਕਿਹਾ ਪਹਿਲੇ ਪੜਾਵਾਂ ਦੀਆਂ ਵੋਟਾਂ ਵਿਚ ਜਿੰਨੀਆਂ ਵੀ ਵੋਟਾਂ ਪਈਆਂ ਹਨ ਉਹ ਨਰਿੰਦਰ ਮੋਦੀ ਦੇ ਖਿਲਾਫ਼ ਪਈਆਂ ਹਨ, ਇਸ ਲਈ ਲੋਕ ਕਾਂਗਰਸ ਦਾ ਜ਼ਿਆਦਾ ਸਾਥ ਦੇ ਰਹੇ ਹਨ।

ਸਪੋਕਸਮੈਨ ਟੀ.ਵੀ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਜਦੋਂ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਾ ਬਣਨ ਦੀ ਇੱਛਾ ਉੱਤੇ ਸਵਾਲ ਪੁੱਛਿਆ ਗਿਆ ਤਾਂ ਮਨੀਸ਼ ਤਿਵਾੜੀ ਨੇ ਇਸ ਗੱਲ ਨੂੰ ਝੂਠ ਕਿਹਾ। ਨਿਆਂ ਸਕੀਮ ਬਾਰੇ ਪੁੱਛੇ ਜਾਣ ਤੇ ਤਿਵਾੜੀ ਨੇ ਕਿਹਾ ਕਿ ਨਿਆਂ ਦੀ ਸਕੀਮ ਨੂੰ ਲਿਆਉਣ ਦੀ ਲੋੜ ਇਸ ਕਰ ਕੇ ਪਈ ਕਿਉਂਕਿ ਪਿਛਲੇ ਪੰਜਾਂ ਵਰਿਆਂ ਦੇ ਵਿਚ ਜਿੰਨੇ ਵੀ ਗਰੀਬ ਹਨ ਉਹ ਉਸ ਤੋਂ ਵੀ ਜ਼ਿਆਦਾ ਗਰੀਬ ਹੋਏ ਹਨ ਅਤੇ ਜੋ ਇਸ ਮੁਲਕ ਦੇ ਸਰਮਾਏਦਾਰ ਹਨ ਉਹਨਾਂ ਦਾ ਵਿਕਾਸ ਹੋਇਆ ਹੈ।

ਅਤੇ ਇਸ ਲਈ ਕਾਂਗਰਸ ਨੇ ਆਪਣੇ ਮਨੋਰਥ ਪੱਤਰ ਵਿਚ ਕਿਹਾ ਹੈ ਕਿ ਹਰ ਇਕ ਗਰੀਬ ਪਰਿਵਾਰ ਨੂੰ ਇਕ ਸਾਲ ਵਿਚ 72ਹਜ਼ਾਰ ਰੁਪਏ ਸਿੱਧਾ ਉਹਨਾਂ ਦੇ ਖਾਤਿਆਂ ਵਿਚ ਪਾਇਆ ਜਾਵੇਗਾ। ਸਪੋਕਸਮੈਨ ਟੀ.ਵੀ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਦੀ ਆਮ ਜਨਤਾ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਲੋਕਾਂ ਵੱਲੋਂ ਵੀ ਕਾਂਗਰਸ ਪਾਰਟੀ ਨੂੰ ਹੀ ਜ਼ਿਆਦਾ ਤਵੱਜੋਂ ਦਿੱਤੀ ਗਈ ਪਰ ਹੁਣ ਇਹ ਤਾਂ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਦਾ ਪੱਲੜਾ ਭਾਰੀ ਹੁੰਦਾ ਹੈ। ਦੇਖੋ ਵੀਡੀਓ.......