24 ਘੰਟਿਆਂ 'ਚ ਆਏ 440 ਮਾਮਲੇ, ਕੁੱਲ ਗਿਣਤੀ ਹੋਈ 1100 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਵਧਿਆ ਕੋਰੋਨਾ ਸੰਕਟ, ਇਕੋ ਦਿਨ 'ਚ ਹੋਈਆਂ 3 ਮਰੀਜ਼ਾਂ ਦੀਆਂ ਮੌਤਾਂ ​

file photo

ਚੰਡੀਗੜ੍ਹ, 3 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਸੰਕਟ ਹੋਰ ਵਧ ਗਿਆ ਹੈ। ਜਿਥੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੁਣ ਸੈਂਕੜਿਆਂ ਤੋਂ ਵਧ ਕੇ ਇਕ ਦਮ ਹਜ਼ਾਰ ਦੇ ਅੰਕੜੇ ਤੋਂ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਉਥੇ ਇਕੋ ਦਿਨ 'ਚ 3 ਮੌਤਾਂ ਦੀ ਵੀ ਖ਼ਬਰ ਹੈ। ਇਸ ਤਰ੍ਹਾਂ ਪੰਜਾਬ ਵਿਚ ਕੋਰੋਨਾ ਵਾਇਰਸ ਨੇ ਹੁਣ ਕੁੱਝ ਜ਼ਿਲ੍ਹਿਆਂ ਦੀ ਥਾਂ ਪੂਰੇ ਪੰਜਾਬ ਵਿਚ ਫੈਲ ਚੁੱਕਾ ਹੈ। ਦੇਰ ਸ਼ਾਮ ਤਕ ਪਾਜ਼ੇਟਿਵ ਕੇਸਾਂ ਦੀ ਗਿਣਤੀ 1100 ਤੋਂ ਟੱਪ ਚੁੱਕੀ ਹੈ ਜੋ ਦੇਰ ਰਾਤ ਤਕ ਹੋਰ ਜ਼ਿਆਦਾ ਵਧੇਗੀ।

ਇਹ ਅੰਕੜਾ ਇਕ ਦਮ ਪਿਛਲੇ 3-4 ਦਿਨਾ ਦੌਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਹੋਣ ਬਾਅਦ ਵਧਣਾ ਸ਼ੁਰੂ ਹੋਇਆ ਹੈ। ਤਿੰਨ ਹਜ਼ਾਰ ਮਜ਼ਦੂਰ ਅਤੇ 153 ਵਿਦਿਆਰਥੀ ਵੀ ਕੋਰੋਨਾ ਪੀੜਤ ਸੂਬੇ ਰਾਜਸਥਾਨ ਵਿਚੋਂ ਵਾਪਸ ਪਰਤੇ ਹਨ ਅਤੇ ਇਨ੍ਹਾਂ 'ਚੋਂ ਵੀ ਪਾਜ਼ੇਟਿਵ ਮਾਮਲੇ ਆਉਣੇ ਸ਼ੁਰੂ ਹੋਏ ਹਨ। ਇਕ ਹਫ਼ਤੇ ਦੌਰਾਨ ਹੀ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ ਤਿੰਨ ਗੁਣਾ ਹੋਈ ਹੈ।

ਪਹਿਲਾਂ ਜਲੰਧਰ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹਾ ਰੈੱਡ ਜ਼ੋਨ ਵਿਚ ਸਨ ਅਤੇ ਹੁਣ ਜ਼ਿਲ੍ਹਾ ਅੰਮ੍ਰਿਤਸਰ ਵੀ ਰੈੱਡ ਜ਼ੋਨ ਵਿਚ ਆ ਚੁੱਕਾ ਹੈ। ਅੱਜ ਹੋਈਆਂ ਮੌਤਾਂ ਦੇ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਫ਼ਿਰੋਜ਼ਪੁਰ, ਕਪੂਰਥਲਾ ਅਤੇ ਲੁਧਿਆਣਾ ਨਾਲ ਸਬੰਧਤ ਹਨ। ਜ਼ਿਲ੍ਹਾ ਬਠਿੰਡਾ ਵੀ ਹੁਣ ਕੋਰੋਨਾ ਹਾਟ ਸਪਾਟ ਜ਼ਿਲ੍ਹਿਆਂ ਦੀ ਸ਼੍ਰੇਣੀ ਵਿਚ ਆ ਰਿਹਾ ਹੈ ਜਿਥੇ ਪਹਿਲਾਂ 2 ਹੀ ਕੇਸ ਸਨ ਪਰ ਬੀਤੀ ਦੇਰ ਰਾਤ 33 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ।

24 ਘੰਟਿਆਂ ਦੌਰਾਨ ਹੁਣ ਤਕ ਸੱਭ ਤੋਂ ਵਧ 440 ਮਾਮਲੇ ਆਏ ਹਨ। ਖ਼ਬਰ ਲਿਖੇ ਜਾਣ ਤਕ ਕੁੱਲ ਅੰਕੜਾ 1150 ਤਕ ਪਹੁੰਚ ਚੁੱਕਾ ਸੀ। 5140 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਹਨ। ਇਨ੍ਹਾਂ 'ਚ ਜ਼ਿਆਦਾ ਸ਼ਰਧਾਲੂ ਤੇ ਰਾਜਸਥਾਨ ਤੋਂ ਪਰਤੇ ਮਜ਼ਦੂਰ ਹੀ ਹਨ। ਹੁਣ ਤਕ 117 ਮਰੀਜ਼ ਠੀਕ ਹੋਏ ਹਨ।

ਫ਼ਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਨਾਲ ਪਹਿਲੀ ਮੌਤ
ਫ਼ਿਰੋਜ਼ਪੁਰ, 3 ਮਈ (ਜਗਵੰਤ ਸਿੰਘ ਮੱਲ੍ਹੀ): ਕੋਰੋਨਾ ਵਾਇਰਸ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਦੀ ਸਨਿਚਰਵਾਰ ਰਾਤ ਮੌਤ ਹੋ ਗਈ। ਪ੍ਰਸ਼ਾਸਨਕ ਅਧਿਕਾਰੀਆਂ ਅਨੁਸਾਰ ਪਿੰਡ ਅਲੀਕੇ ਦੇ ਵਾਸੀ ਅਸ਼ੋਕ ਕੁਮਾਰ ਨੂੰ ਚਾਰ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਸਿਵਲ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ ਜਿਥੋਂ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿਤਾ ਗਿਆ।

 ਉਧਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਅਲੀਕੇ ਨੂੰ ਕੰਟੇਨਮੈਂਟ ਜ਼ੋਨ ਐਲਾਨਦੇ ਹੋਏ ਇਲਾਕੇ ਨੂੰ ਸੀਲ ਕਰ ਦਿਤਾ ਹੈ।  ਕੋਰੋਨਾ ਪਾਜ਼ੇਟਿਵ ਕਾਰਨ ਮੌਤ ਦੇ ਮੂੰਹ ਜਾ ਪਏ ਅਸ਼ੋਕ ਕੁਮਾਰ (42 ਸਾਲ) ਵਾਸੀ ਪਿੰਡ ਅਲੀ ਕੇ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਦੇ ਸਖ਼ਤ ਪਹਿਰੇ ਹੇਠ ਅੰਤਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ 'ਚ ਕਰਵਾ ਦਿਤਾ ਹੈ।

ਲੁਧਿਆਣਾ : ਬਜ਼ੁਰਗ ਔਰਤ ਦੀ ਮੌਤ
ਲੁਧਿਆਣਾ, 3 ਅਪ੍ਰੈਲ (ਪਪ) : ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਾਂਗ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਨਾ ਮੁਰਾਦ ਬਿਮਾਰੀ ਕੋਰੋਨਾ ਨੇ ਅੱਜ ਇਕ ਹੋਰ ਮਰੀਜ਼ ਦੀ ਜਾਨ ਲੈ ਲਈ ਹੈ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਸਕੱਤਰ ਪ੍ਰੇਮ ਗੁਪਤਾ ਨੇ ਦਸਿਆ ਕਿ ਇਸ ਹਸਪਤਾਲ ਵਿਚ ਕਮਲਾ ਦੇਵੀ ਜੋ ਬਸਤੀ ਜੋਧੇਵਾਲ ਲੁਧਿਆਣਾ ਨਾਲ ਸਬੰਧਤ ਸੀ ਅਤੇ ਉਸ ਦੀ ਉਮਰ 65 ਸਾਲ ਦੇ ਕਰੀਬ ਸੀ, ਦੀ ਮੌਤ ਹੋ ਗਈ ਹੈ।

ਫਗਵਾੜਾ : 65 ਸਾਲਾ ਵਿਅਕਤੀ ਦੀ ਮੌਤ
ਫਗਵਾੜਾ, 3 ਮਈ (ਪਪ): ਕੋਰੋਨਾ ਵਾਇਰਸ ਦੇ ਕਾਰਨ ਫਗਵਾੜਾ 'ਚ 65 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਡੀ.ਐਮ.ਸੀ. ਲੁਧਿਆਣਾ 'ਚ ਰੈਫ਼ਰ ਕੀਤਾ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਫਗਵਾੜਾ ਦੇ ਪਲਾਹੀ ਗੇਟ ਅਤੇ ਨੇੜੇ ਦੇ ਖੇਤਰਾਂ 'ਚ ਸਰਕਾਰੀ ਟੀਮਾਂ ਭੇਜੀਆਂ ਜਾ ਰਹੀਆਂ ਹਨ ਜੋ ਜਨ ਸੁਰੱਖਿਆ ਸਬੰਧੀ ਸਾਰੇ ਤਰ੍ਹਾਂ ਦੇ ਕੰਮ ਪੂਰੇ ਕਰਨਗੀਆਂ।