ਪੰਜਾਬ ਵਿਚ ਅੱਜ ਆਏ ਜ਼ਿਲ੍ਹਾ ਵਾਰ ਪਾਜ਼ੇਟਿਵ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਨਗਰੀ ਅੰਮ੍ਰਿਤਸਰ ਵਿਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

File Photo

ਅੰਮ੍ਰਿਤਸਰ : 214 ਹੋਏ ਕੁੱਲ ਪਾਜ਼ੇਟਿਵ ਮਾਮਲੇ
ਅੰਮ੍ਰਿਤਸਰ, 3 ਮਈ (ਅਰਵਿੰਦਰ ਵੜੈਚ): ਗੁਰੂ ਨਗਰੀ ਅੰਮ੍ਰਿਤਸਰ ਵਿਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਹੁਣ ਤਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਪਹੁੰਚੇ ਸ਼ਰਧਾਲੂਆਂ ਦੇ ਕੀਤੇ ਕੋਰੋਨਾ ਟੈਸਟ ਦੇ ਨਾਲ 200 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਦਕਿ 100 ਦੇ ਕਰੀਬ ਸ਼ਰਧਾਲੂਆਂ ਦੀ ਟੈਸਟ ਰਿਪੋਰਟ ਆਉਣੀ ਅਜੇ ਬਾਕੀ ਹੈ। 200 ਕੋਰੋਨਾ ਪਾਜ਼ੇਟਿਵ ਸ਼ਰਧਾਲੂਆਂ ਸਮੇਤ ਪਹਿਲੇ 14 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਮਿਲਾ ਕੇ ਅੰਮ੍ਰਿਤਸਰ ਦੇ 214 ਪਾਜ਼ੇਟਿਵ ਮਰੀਜ ਪਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 2 ਦੀ ਮੌਤ ਅਤੇ 8 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜਿਆ ਜਾ ਚੁਕਾ ਹੈ। ਮੈਡੀਕਲ ਕਾਲਜ ਅੰਮ੍ਰਿਤਸਰ ਦੀ ਲੈਬ ਜਿੱਥੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਉਸ ਵਿੱਚ ਕੰਮ ਕਰ ਰਹੇ ਲੈਬ ਅਟੈਂਡੈਂਟ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਲੈਬ ਵਿੱਚ ਕੰੰਮ ਕਰਦੇ 11 ਡਾਕਟਰਾਂ ਨੂੰ ਵੀ ਕੁਆਰੰਟਾਈਨ ਲਈ ਭੇਜ ਦਿਤਾ ਗਿਆ ਹੈ। ਸਰਕਾਰੀ ਰਿਪੋਰਟ ਮੁਤਾਬਿਕ ਐਤਵਾਰ ਨੂੰ 6 ਲੋਕ ਪਾਜ਼ੇਟਿਵ ਪਾਏ ਗਏ ਹਨ।

ਨਵਾਂਸ਼ਹਿਰ :  62 ਹੋਰ ਨਵੇਂ ਮਾਮਲੇ ਆਏ
ਨਵਾਂਸ਼ਹਿਰ, 3 ਮਈ (ਅਮਰੀਕ ਸਿੰਘ ਢੀਂਡਸਾ) : ਜ਼ਿਲ੍ਹਾ ਨਵਾਂਸ਼ਹਿਰ ਕੋਰੋਨਾ ਨਾਲ ਜੰਗ ਲੜਨ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ, ਜਿਸ ਨੇ ਇਕ ਪਾਜ਼ੇਟਿਵ ਮਰੀਜ਼ ਗਵਾਉਣ ਤੋਂ ਬਾਅਦ ਸਾਰੇ ਮਰੀਜ਼ਾਂ ਦਾ ਸਫ਼ਲ ਇਲਾਜ ਕਰਵਾ ਕੇ ਤੇ ਪੂਰੀਆਂ ਸਾਵਧਾਨੀਆਂ ਵਰਤ ਕੇ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਹੋਣ ਦਾ ਮਾਣ ਹਾਸਲ ਹੋ ਗਿਆ ਸੀ। ਪਰ ਜੰਮੂ-ਕਸ਼ਮੀਰ ਤੋਂ ਬੂਥਗੜ੍ਹ ਦੇ ਇਕ ਡਰਾਈਵਰ ਤੇ ਉਸ ਦੇ ਤਿੰਨ ਹੋਰ ਨਜ਼ਦੀਕੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਨਾਲ ਜ਼ਿਲ੍ਹਾ ਫਿਰ ਪ੍ਰਭਾਵਤ ਹੋ ਗਿਆ। ਇਥੇ ਹੀ ਬਸ ਨਹੀਂ ਸਰਕਾਰ ਦੁਆਰਾ ਮਹਾਂਰਾਸ਼ਟਰ ਤੋਂ ਲਿਆਂਦੇ ਵਿਅਕਤੀਆਂ ਦੇ ਪੰਜਾਬ ਵਿਚ ਆਉਂਦਿਆਂ ਹੀ ਟੈਸਟ ਲੈਣ ਉਪਰੰਤ ਰਿਪੋਰਟ ਆਉਣ ਤੇ 62 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹਾ ਫਿਰ ਕੋਰੋਨਾ ਦੀ ਮਾਰ ਹੇਠ ਆ ਗਿਆ ਤੇ ਰੈੱਡ ਜ਼ੋਨ ਵਿਚ ਅਪਣੇ ਆਪ ਦਾਖ਼ਲ ਹੋ ਗਿਆ। ਪ੍ਰਸ਼ਾਸਨ ਵਲੋਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਇਲਾਵਾ ਬਹਿਰਾਮ ਤੇ ਰਿਐਤ ਬਾਹਰਾ ਕੰਪਲੈਕਸਾਂ ਵਿਚ ਇਨਾਂ ਮਰੀਜ਼ਾਂ ਨੂੰ ਇਕਾਂਤਵਾਸ ਕਰ ਕੇ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ : 52 ਵਿਚੋਂ 42 ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ) : ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਦੇ 53 ਕੇਸਾਂ ਦੀ ਰਿਪੋਰਟ ਆਈ, ਜਿਸ ਅਨੁਸਾਰ 42 ਵਿਅਕਤੀ ਕੋਰੋਨਾ ਪਾਜ਼ੇਟਵ ਪਾਏ ਗਏ। ਇਸ ਕਾਰਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਪਾਜ਼ੇਟਿਵ ਪਾਏ ਜਾਣ ਵਾਲਿਆਂ ਵਿਚ 27 ਮਰਦ ਅਤੇ 15 ਔਰਤਾਂ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚ ਜ਼ਿਆਦਾਤਰ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਵਿਅਕਤੀ ਹਨ। ਇਸ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 49 ਹੋ ਗਈ, ਜਿਨ੍ਹਾਂ ਵਿਚੋਂ ਇਕ ਮਰੀਜ਼ ਠੀਕ ਹੋ ਚੁਕਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਰੋਨਾ ਹਸਪਤਾਲ ਬਣਾਏ ਗਏ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰ ਲਿਆ ਗਿਆ ਹੈ।

ਬਰਨਾਲਾ : 15 ਹੋਰ ਰੀਪੋਰਟਾ ਪਾਜ਼ੇਟਿਵ ਆਈਆਂ
ਬਰਨਾਲਾ, 3 ਮਈ (ਗਰੇਵਾਲ): ਬਰਨਾਲਾ ਵਿਖੇ 15 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਪਤਾ ਲੱਗਾ ਹੈ। ਸਿਵਲ ਸਰਜਨ ਡਾਕਟਰ ਗੁਰਿੰਦਰਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਸਾਰੇ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਸ਼ਰਧਾਲੂ ਹਨ, ਜਿਨ੍ਹਾਂ ਨੂੰ ਸੰਘੇੜਾ ਅਤੇ ਮਹਿਲ ਕਲਾਂ ਦੇ ਕਾਲਜਾਂ ਵਿਚ ਇਕਾਂਤਵਾਸ ਕੀਤਾ ਹੋਇਆ ਹੈ।

ਬਠਿੰਡਾ : 33 ਹੋਰ ਸ਼ਰਧਾਲੂ ਪਾਜ਼ੇਟਿਵ
ਬਠਿੰਡਾ, 3 ਮਈ (ਸੁਖਜਿੰਦਰ ਮਾਨ): ਕੁੱਝ ਦਿਨ ਪਹਿਲਾਂ ਤਕ 'ਜ਼ੀਰੋ' 'ਤੇ ਅੜੇ ਰਹੇ ਬਠਿੰਡਾ ਵਿਚ ਵੀ ਹੁਣ ਕੋਰੋਨਾ ਦਾ ਕਹਿਰ ਵਧਣ ਲੱਗਾ ਹੈ। ਕੁੱਝ ਦਿਨ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਲੋਕਾਂ ਦੇ ਲਏ ਨਮੂਨਿਆਂ ਵਿਚੋਂ 33 ਹੋਰ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਨਾਲ ਹੁਣ ਬਠਿੰਡਾ ਜ਼ਿਲ੍ਹੇ ਵਿਚ ਇਸ ਬਿਮਾਰੀ ਨਾਲ ਲੜਨ ਵਾਲਿਆਂ ਦੀ ਕੁਲ ਗਿਣਤੀ 35 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬੀਤੀ ਦੇਰ ਰਾਤ ਪ੍ਰਾਪਤ ਹੋਈ 206 ਵਿਅਕਤੀਆਂ ਦੀ ਰਿਪੋਰਟ ਵਿਚੋਂ 173 ਦੀ ਰਿਪੋਰਟ ਨੈਗੇਟਿਵ ਅਤੇ 33 ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਇਕਾਂਤਵਾਸ ਕੇਂਦਰ ਤੋਂ ਹੁਣ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚੋਂ ਬਠਿੰਡਾ ਸ਼ਹਿਰ ਨਾਲ ਸਬੰਧਤ 14 ਅਤੇ ਬਾਕੀ ਪਿੰਡਾਂ ਨਾਲ ਸਬੰਧਤ ਹਨ। ਇਸਤੋਂ ਇਲਾਵਾ ਅੱਜ ਜਿਲ੍ਹੇ ਵਿੱਚ 121 ਹੋਰ ਸੱਕੀ ਮਰੀਜਾਂ ਦੇ ਸੈਪਲ ਲੈ ਕੇ ਭੇਜੇ ਗਏ ਹਨ।

ਰੂਪਨਗਰ : ਕੁੱਲ ਗਿਣਤੀ 12 ਹੋਈ
ਰੂਪਨਗਰ, 3 ਮਈ (ਸਵਰਨ ਸਿੰਘ ਭੰਗੂ, ਕਮਲ ਭਾਰਜ) : ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 12 ਹੋ ਗਈ ਹੈ। ਹੁਣ ਤਕ ਜ਼ਿਲ੍ਹੇ ਵਿਚ ਕੁਲ 443 ਵਿਅਕਤੀਆਂ ਦੇ ਨਮੂਨੇ ਲਏ ਗਏ ਸਨ। ਇਨ੍ਹਾਂ ਵਿਚੋਂ 418 ਦੀ ਰਿਪੋਰਟ ਨੈਗੇਟਿਵ, 12 ਦੀ ਰਿਪੋਰਟ ਪੈਂਡਿੰਗ (7 ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ), 12 ਕੇਸ ਕਰੋਨਾ ਐਕਟਿਵ ਪਾਜ਼ੇਟਿਵ (ਇਕ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖ਼ਲ) ਅਤੇ 2 ਰਿਕਵਰ ਹੋ ਚੁਕੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੁਲ 15 ਕੇਸ ਹੋ ਚੁਕੇ ਹਨ, ਜ਼ਿਨ੍ਹਾਂ ਵਿਚੋਂ 12 ਕੇਸ ਐਕਟਿਵ ਹਨ, 2 ਰਿਕਵਰ ਚੁੱਕੇ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ ਕੁਲ 703 ਵਿਅਕਤੀਆਂ ਨੂੰ ਹੋਮ-ਕੁਆਰਨਟਾਇਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 135 ਵਿਅਕਤੀਆਂ ਨੂੰ ਕੁਆਰਨਟਾਇਨ ਸੈਂਟਰਾਂ ਵਿਚ ਰਖਿਆ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਕੁਲ 18 ਕੁਆਰਨਟਾਇਨ ਸੈਂਟਰ ਬਣਾਏ ਗਏ ਹਨ।