ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕੇਂਦਰ ਸਰਕਾਰ 'ਤੇ 9 ਰੁਪਏ 62 ਪੈਸੇ ਦਾ ਕੱਟ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਹੀ ਕੁਦਰਤੀ ਮਾਰਾਂ ਦੀ ਮਾਰ ਝੱਲ ਰਿਹੇ ਕਿਸਾਨਾਂ ਨੂੰ ਮੰਡੀਆਂ 'ਚ ਕਣਕ ਨੂੰ ਮਾਜੂ (ਬਰੀਕ) ਦਾਣਾ ਕਹਿ ਕੇ ਕਥਿਤ ਤੌਰ 'ਤੇ ਕੇਂਦਰੀ ਖਰੀਦ ਏਜੰਸੀ ਦਾ ਕੁਆਲਟੀ

File Photo

ਘਨੌਰ, 3 ਮਈ (ਸੁਖਦੇਵ ਸੁੱਖੀ): ਪਹਿਲਾਂ ਹੀ ਕੁਦਰਤੀ ਮਾਰਾਂ ਦੀ ਮਾਰ ਝੱਲ ਰਿਹੇ ਕਿਸਾਨਾਂ ਨੂੰ ਮੰਡੀਆਂ 'ਚ ਕਣਕ ਨੂੰ ਮਾਜੂ (ਬਰੀਕ) ਦਾਣਾ ਕਹਿ ਕੇ ਕਥਿਤ ਤੌਰ 'ਤੇ ਕੇਂਦਰੀ ਖਰੀਦ ਏਜੰਸੀ ਦਾ ਕੁਆਲਟੀ ਇੰਸਪੈਕਟਰ 9 ਰੁਪਏ 62 ਪੈਸੇ ਦਾ ਕੱਟ ਲਾ ਕੇ ਕਿਸਾਨਾਂ ਕਚੂੰਮਰ ਕੱਢ ਰਿਹਾ ਹੈ। ਕਣਕ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਖੱਜਲ ਖੁਆਰੀ ਤੇ ਭਾਰੀ ਲੁੱਟ ਦੇ ਮੁੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜਿਲ੍ਹਾ ਪ੍ਰਧਾਨ ਗੁਰਬਖ਼ਸ਼ ਸਿੰਘ ਬਲਵੇੜਾ, ਬਖਸੀਸ ਸਿੰਘ ਹਰਪਾਲਪੁਰ ਬਲਾਕ ਪ੍ਰਧਾਨ ਘਨੌਰ , ਸਰਬਜੀਤ ਸਿੰਘ ਕਾਮੀ ਕਲਾਂ ਪ੍ਰੈੱਸ ਸਕੱਤਰ ਘਨੌਰ ਨੇ ਪ੍ਰੈੱਸ ਨੋਟ ਜਾਰੀ ਕਰ ਕੇਂਦਰ ਸਰਕਾਰ ਦੇ ਉਕਤ ਫੈਸਲੇ ਦੀ ਕਰੜੀ ਨਿੰਦਾ ਕੀਤੀ ਤੇ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ।

ਕਿਸਾਨਾਂ ਮੁਤਾਬਕ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਗੰਭੀਰਤਾ ਦੇਖਦੇ ਹੋਏ ਸਰਕਾਰ ਦੀ ਅਪੀਲ ਮੰਨ ਕੇ ਕਣਕ ਘਰਾਂ ਜਾਂ ਖੇਤਾਂ ਵਿਚ ਰੋਕ ਲਈ ਸੀ ਜਿਸ ਦਾ ਕਿਸਾਨਾਂ ਨੂੰ ਦੁਹਰਾ ਖਰਚਾ ਤਾਂ ਪਿਆ ਹੀ ਪ੍ਰੰਤੂ ਵਾਧੂ ਵਿਆਜ ਦੀ ਮਾਰ ਵੀ ਪਈ ਹੈ, ਇਸ ਕਰਕੇ ਸਰਕਾਰ ਕਿਸਾਨਾਂ ਨੂੰ ਬੋਨਸ ਦੀ ਰਾਸ਼ੀ ਜਾਰੀ ਕਰੇ ਨਾ ਕੇ ਕਿਸਾਨਾਂ ਦੀ ਫਸਲ ਦੇ ਮੁੱਲ ਵਿਚੋਂ ਬੇਲੋੜੀ ਕੁੱਟਤੀ ਕੀਤੀ ਜਾਵੇ। ਜਿਲ੍ਹਾ ਪ੍ਰਧਾਨ ਬਲਵੇੜਾ ਨੇ ਕਿਹਾ ਕਿ ਕਣਕ ਦੀ ਫਸਲ 'ਤੇ ਜੋ ਵਿੱਤੀ ਕੱਟ ਲਾਇਆ ਜਾ ਰਿਹਾ ਹੈ ਇਹ ਸਰਕਾਰ ਵੱਲੋਂ ਕਿਸਾਨਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੁਦਰਤੀ ਆਫ਼ਤ ਦੇ ਸਮੇਂ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਪ੍ਰੰਤੂ ਸਾਡੀਆਂ ਸਰਕਾਰਾਂ ਕਿਸਾਨਾਂ ਦੀ ਮਦਦ ਦੀ ਬਜਾਏ ਉਨ੍ਹਾਂ 'ਤੇ ਵਾਧੂ ਬੋਝ ਪਾ ਰਹੀਆਂ ਹਨ।