ਸ਼ਰਧਾ ਨਾਲ ਮਨਾਇਆ 40 ਮੁਕਤਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਿਮ ਲੜਾਈ 'ਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

File Photo

ਸ੍ਰੀ ਮੁਕਤਸਰ ਸਾਹਿਬ, 03 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਿਮ ਲੜਾਈ 'ਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸ਼ਹੀਦੀ ਦਿਵਸ ਦੇ ਸਬੰਧ 'ਚ 1 ਮਈ 2020 ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਅਖੰਡ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਭੋਗ ਅੱਜ 3 ਮਈ ਐਤਵਾਰ ਨੂੰ ਪਾਏ ਗਏ। ਇਸ ਮੌਕੇ ਸੀਮਤ ਗਿਣਤੀ 'ਚ ਸ਼ਰਧਾਲੂਆਂ ਨੇ ਪਹੁੰਚ ਕੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ।

ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਪਾਠ ਦੇ ਭੋਗ ਉਪਰੰਤ 'ਚ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਅਪਣੀ ਹਾਜ਼ਰੀ ਲਗਵਾਈ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼ਹੀਦਾਂ ਦੇ ਜੀਵਨ 'ਤੇ ਪ੍ਰਕਾਸ਼ ਪਾਇਆ ਗਿਆ ਅਤੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਗੁਰੂ ਦੇ ਫਲਸਫ਼ੇ 'ਤੇ ਚਲਣ ਦੀ ਅਪੀਲ ਕੀਤੀ।

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਬਾਦੀਆਂ, ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ, ਪ੍ਰਿੰਸੀਪਲ ਤੇਜਿੰਦਰ ਕੌਰ ਧਾਲੀਵਾਲ, ਸਰੂਪ ਸਿੰਘ ਨੰਦਗੜ੍ਹ ਸਕੱਤਰ ਗੁਰੂ ਨਾਨਕ ਕਾਲਜ, ਗੁਰਚਰਨ ਸਿੰਘ ਸੰਧੂ ਡੀਟੀਓ, ਸਤਪਾਲ ਸਿੰਘ ਕੋਮਲ, ਹਰਪਾਲ ਸਿੰਘ ਬੇਦੀ, ਬਿੰਦਰ ਪੀਏ ਅਤੇ ਗੁਰਦੀਪ ਸਿੰਘ ਪੱਪੂ ਅਤੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਸੁਮੇਰ ਸਿੰਘ ਬਾਦੀਆਂ ਨੇ ਸ਼ਹੀਦੀ ਦਿਹਾੜੇ ਮੌਕੇ ਪਹੁੰਚੇ ਰਾਗੀ ਜਥਿਆਂ, ਗਿਆਨੀ ਹਰਪ੍ਰੀਤ ਸਿੰਘ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।