ਦੋ ਹੋਰ ਵਿਅਕਤੀਆਂ ਨੇ ਕੋਵਿਡ 19 ਨੂੰ ਦਿਤੀ ਮਾਤ
ਸਿਵਲ ਸਰਜਨ ਡਾ. ਮਲਹੋਤਰਾ ਨੇ ਦਸਿਆਂ ਕਿ ਬੀਤੇ ਦਿਨੀਂ ਰਾਜਪੂਰਾ ਦੇ ਪਾਜ਼ੇਟਿਵ ਆਏ 28 ਸਾਲਾ ਵਿਅਕਤੀ ਨੂੰ
ਪਟਿਆਲਾ, 3 ਮਈ (ਤੇਜਿੰਦਰ ਫ਼ਤਿਹਪੁਰ) : ਸਿਵਲ ਸਰਜਨ ਡਾ. ਮਲਹੋਤਰਾ ਨੇ ਦਸਿਆਂ ਕਿ ਬੀਤੇ ਦਿਨੀਂ ਰਾਜਪੂਰਾ ਦੇ ਪਾਜ਼ੇਟਿਵ ਆਏ 28 ਸਾਲਾ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਰਾਜਪੂਰਾ ਤੋਂ ਉਨ੍ਹਾਂ ਦੇ ਸੰਪਰਕ ਵਿਚ ਆਏ ਦੋ ਹੋਰ ਸੈਂਪਲ ਕੋਵਿਡ ਜਾਂਚ ਲਈ ਲਏ ਗਏ ਹਨ। ਉਨ੍ਹਾਂ ਦਸਿਆ ਕਿ ਅੱਜ ਜ਼ਿਲ੍ਹੇ 'ਚ ਵੱਖ-ਵੱਖ ਥਾਂਵਾ ਤੋਂ ਕੁਲ 45 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ, ਜਿਹਨਾਂ ਦੀਆਂ ਰਿਪੋਰਟਾਂ ਕਲ ਨੂੰ ਆਉਣਗੀਆਂ। ਉਨ੍ਹਾਂ ਦਸਿਆ ਕਿ ਕਲ ਲਏ ਸਾਰੇ ਸੈਂਪਲਾ ਦੀਆਂ ਰਿਪੋਰਟਾਂ ਵੀ ਦੇਰ ਰਾਤ ਆਉਣ ਦੀ ਸੰਭਾਵਨਾ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦਸਿਆ ਕਿ ਗੁਰਮੁੱਖ ਕਾਲੋਨੀ ਸਮਾਣਾ ਦਾ ਰਹਿਣ ਵਾਲਾ 35 ਸਾਲਾ ਨੌਜਵਾਨ, ਜੋ ਗੰਭੀਰ ਹਾਲਤ ਵਿਚ ਸ਼ੁਕਰਵਾਰ ਨੂੰ ਰਾਜਿੰਦਰਾ ਹਸਪਤਾਲ ਵਿਚ ਸਮਾਣਾ ਤੋਂ ਰੈਫ਼ਰ ਹੋ ਕੇ ਦਾਖ਼ਲ ਹੋਇਆ ਸੀ ਅਤੇ ਸ਼ੁਕਰਵਾਰ ਰਾਤ ਨੂੰ ਹੀ ਉਸ ਦੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ, ਦੀ ਕੋਰੋਨਾ ਜਾਂਚ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ। ਉਨ੍ਹਾਂ ਦਸਿਆਂ ਕਿ ਕੋਵਿਡ ਨੂੰ ਮਾਤ ਦੇਣ ਵਾਲੇ ਦੋ ਹੋਰ ਵਿਅਕਤੀ ਜਿਨ੍ਹਾਂ ਵਿਚੋਂ ਇਕ ਸਫ਼ਾਬਾਦੀ ਗੇਟ ਅਤੇ ਇਕ ਬੁਕ ਮਾਰਕੀਟ ਵਿਚ ਰਹਿਣ ਵਾਲਾ ਹੈ, ਦੇ ਵੀ ਕੋਰੋਨਾ ਸਬੰਧੀ ਦੋਨੋਂ ਟੈਸਟ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚੋਂ ਛੁੱਟੀ ਕਰ ਕੇ ਘਰ ਭੇਜ ਦਿਤਾ ਗਿਆ ਸੀ।