ਬੰਗਾਲ ਚੋਣਾਂ ਉਪਰੰਤ ਹੁਣ ਭਾਜਪਾ ਪੰਜਾਬ 'ਚ ਡਟੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ-ਸ਼ਾਹ-ਨੱਢਾ ਲੀਡਰਸ਼ਿਪ ਹੁਣ ਇਥੇ ਚਮਤਕਾਰ ਵਿਖਾਏਗੀ : ਮਦਨ ਮੋਹਨ ਮਿੱਤਲ

madan mohan mittal

ਚੰਡੀਗੜ੍ਹ(ਜੀ.ਸੀ. ਭਾਰਦਵਾਜ) : ਪਛਮੀ ਬੰਗਾਲ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਬੀਤੇ ਕਲ ਆਾਏ ਨਤੀਜਿਆਂ ਤੋਂ ਪੰਜਾਬੀ ਦੀ ਭਾਜਪਾ ਮਾਯੂਸ ਹੋਣ ਦੀ ਬਜਾਏ ਹੁਣ ਇਸ ਮੁੂਡ ’ਚ ਹੈ ਕਿ ਇਸ ਸਰਹੱਦੀ ਸੂਬੇ ਪੰਜਾਬ ’ਚ 2022 ਚੋਣਾਂ ਵਾਸਤੇ, ਅਪਣੇ ਲੱਖਾਂ ਵਰਕਰਾਂ, ਨੇਤਾਵਾਂ, ਪਾਰਟੀ ਵਲੰਟੀਅਰਾਂ, ਨੌਜਵਾਨਾਂ, ਬੀਬੀਆਂ-ਮਹਿਲਾਵਾਂ ਦੇ ਸਹਿਯੋਗ ਨਾਲ ਕੋਰੋਨਾ ਮਰੀਜ਼ਾਂ ਦੀ ਮਦਦ ਕਰ ਕੇ ਤੇ ਪ੍ਰਚਾਰ ਰਾਹੀਂ ਵੋਟਰਾਂ ਨਾਲ ਰਾਬਤਾ ਕਾਇਮ ਕਰਨ ’ਚ ਲੱਗ ਜਾਣਗੇ।

ਮੌਜੂਦਾ ਮਹਾਂਮਾਰੀ ਕੋਰੋਨਾ ਸੰਕਟ ਸਮੇਂ ਬੰਗਾਲ ’ਚ ਮਾੜੀ ਕਾਰਗੁਜ਼ਾਰੀ ਦੇ ਸਬੰਧ ’ਚ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ, ਸੱਭ ਤੋਂ ਵਧ ਤਜਰਬੇਦਾਰ ਤੇ ਸੀਨੀਅਰ ਬੀ.ਜੇ.ਪੀ. ਨੇਤਾ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਭਾਵੇਂ ਭਾਜਪਾ ਮਮਤਾ ਬੈਨਰਜੀ ਦੀ ਪਾਰਟੀ ਟੀ.ਐਮ.ੀ. ਨੂੰ ਹਰਾ ਨਹੀਂ ਸਕੀ ਪਰ ਤਿੰਨ ਸੀਟਾਂ ਤੋਂ ਵਧ ਕੇ 76 ਸੀਟਾਂ ਜਿੱਤਣਾ, ਪਹਿਲਾਂ ਨਾਲੋਂ 25 ਗੁਣਾ ਵਧ ਪ੍ਰਾਪਤੀ ਕਰਨਾ ਹੈ ਅਤੇ ਨੰਦੀਗ੍ਰਾਮ ਸੀਟ ਤੋਂ ਮੌਜੂਦਾ ਮੁੱਖ ਮੰਤਰੀ ਨੂੰ ਹਰਾਉਣਾ ਮਾਰਕੇ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਨੈਤਿਕ ਹਾਰ ਨਾਲ ਮਮਤਾ ਦੇ ਮਨ ਵਿਚ ਹਮੇਸ਼ਾ ਰੜਕ ਰਹੇਗੀ ਅਤੇ 2024 ਲੋਕ ਸਭਾ ਚੋਣਾਂ ’ਚ ਨਾ ਸਿਰਫ਼ ਬੰਗਾਲ ਬਲਕਿ ਦਖਣੀ ਭਾਰਤ ਦੇ ਕਈ ਸੂਬਿਆਂ ’ਚ ਭਾਜਪਾ ਮਜਬੂਤ ਪੈਰ ਪਸਾਰੇਗੀ।

ਇਨ੍ਹਾਂ ਚੋਣਾਂ ਦਾ ਕਿਸਾਨੀ ਅੰਦੋਲਨ ’ਤੇ ਅਸਰ, ਅਗਲੇ 8 ਮਹੀਨਿਆਂ ’ਚ ਪੰਜਾਬ ਵਿਧਾਨ ਸਭਾ ਚੋਣਾਂ ਦੀ ਸਥਿਤੀ ਤੇ ਹੋਰ ਮੁੱਦਿਆਂ ਬਾਰੇ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਇਸ 83 ਸਾਲਾ ਹੰਢੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਕੇਂਦਰੀ ਤੇ ਸੂਬੇ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੱਖਾਂ ਲੋਕਾਂ, ਨੌਜਵਾਨਾਂ, ਦਲਿਤਾਂ, ਵਪਾਰੀਆਂ, ਕਿਸਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਮਜ਼ਦੂਰਾਂ, ਪੇਂਡੂ ਤੇ ਸ਼ਹਿਰੀ ਵੋਟਰਾਂ ਨਾਲ ਰਾਬਤਾ ਜੋੜ ਕੇ ਸਾਰੀਆਂ 117 ਸੀਟਾਂ ਵਾਸਤੇ 350 ਦੇ ਕਰੀਬ ਸੰਭਾਵੀ ਉਮੀਦਵਾਰ ਤੈਅ ਕੀਤੇ ਹਨ ਜਿਨ੍ਹਾਂ ’ਚ ਮਹਿਲਵਾਂ, ਪੜ੍ਹੀਆਂ-ਲਿਖੀਆਂ ਬੀਬੀਆਂ ਅਤੇ ਦਲਿਤ ਉਮੀਦਵਾਰਾਂ ਦੀ ਚੋਖੀ ਗਿਣਤੀ ਸ਼ਾਮਲ ਹੈ।

ਮਦਨ ਮੋਹਨ ਮਿੱਤਲ ਨੇ ਕਿਹਾ ਕਿ ਉਂਜ ਤਾਂ ਕੋਰੋਨਾ ਮਹਾਂਮਾਰੀ ਕਰ ਕੇ ਸਿਆਸੀ ਗਤੀਵਿਧੀਆਂ ਆਰਜ਼ੀ ਤੌਰ ’ਤੇ ਰੁਕੀਆਂ ਹਨ ਪਰ ਹਰ ਵਿਧਾਨ ਸਭਾ ਹਲਕੇ ’ਚ ਪਾਰਟੀ ਵਰਕਰ, ਹੁਣ ਪੀੜਤਾਂ ਨਾਲ ਫ਼ੋਨ ’ਤੇ Çਲੰਕ ਕਰ ਕੇ ਦਵਾਈ ਅਤੇ ਹੋਰ ਜ਼ਰੂਰੀ ਵਸਤਾਂ ਲਈ ਮਦਦ ਕਰ ਰਹੇ ਹਨ ਤੇ ਇਸ ਨੇੜਤਾ ਸਦਕਾ ਹਮਦਰਦੀ ਜਿੱਤ ਰਹੇ ਹਨ। ਇਸ ਸਾਬਕਾ ਪਾਰਟੀ ਪ੍ਰਧਾਨ ਨੇ ਵੱਡੇ ਵਿਸ਼ਵਾਸ ਤੇ ਭਰੋਸੇ ਨਾਲ ਦਸਿਆ ਕਿ  ਐਤਕੀਂ ਪੰਜਾਬ ਚੋਣਾਂ ’ਚ ਕਈ ਚਮਤਕਾਰ ਨਜ਼ਰ ਆਉਣਗੇ, ਕਿਉਂਕਿ ਸੱਤਾਧਾਰੀ ਕਾਂਗਰਸ, ਅਕਾਲੀ ਦਲ ’ਚ ਦੋਫਾੜ ਹੋਣਾ, ‘‘ਆਪ’’ ਦੀ ਗੁੱਟਬਾਜ਼ੀ, ਕਿਸਾਨ ਅੰਦੋਲਨ ਤੋਂ ਉਪਜਣ ਵਾਲੀ ਨਵੀਂ ਸਿਆਸੀ ਜਥੇਬੰਦੀ ਨਾਲ ਮੁਕਾਬਲਾ ਚਹੁੰਕੋਣਾ ਜਾਂ ਪੰਜਕੋਣਾ ਹੋ ਜਾਵੇਗਾ। ਇਸ ਸਥਿਤੀ ’ਚ ਇਕ ਵਿਧਾਨ ਸਭਾ ਹਲਕੇ ’ਚ ਔਸਤ 1.5 ਲੱਖ ਕੁਲ ਵੋਟਾਂ ’ਚੋਂ ਲਗਭਗ 1 ਲੱਖ ਜਾਂ 1.10 ਲੱਖ ਪੋਲ ਹੋਵੇਗੀ ਅਤੇ ਔਸਤ 40 ਹਜ਼ਾਰ ਵੋਟ ਲੈਣ ਵਾਲਾ ਉਮੀਦਵਾਰ ਜੇਤੂ ਹੋਵੇਗਾ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਿਛਲੇ 70 ਸਾਲਾਂ ਤੋਂ ਬਾਅਦ ਇਕੱਲਿਆਂ ਚੋਣ ਲੜਨ ਦਾ ਮੌਕਾ ਪਹਿਲੀ ਵਾਰ ਮਿਲੇਗਾ ਅਤੇ ਚਮਤਕਾਰੀ ਨਤੀਜਿਆਂ ਦੀ ਆਸ ਅਵੱਸ਼ ਕੀਤੀ ਜਾ ਸਕਦੀ ਹੈ। ਆਉਂਦੇ ਕੁੱਝ ਦਿਨਾਂ ’ਚ ਪੰਜਾਬ ਦੇ ਕੋਰ ਗਰੁੱਪ ਦੀ ਬੈਠਕ ਹੋਵੇਗੀ, ਮਗਰੋਂ ਹਾਈ ਕਮਾਂਡ ਨਾਲ ਚਰਚਾ ਹੋਵੇਗੀ ਤੇ ਛੇਤੀ ਹੀ ਮੋਦੀ-ਸ਼ਾਹ-ਨੱਢਾ ਦੀ ਲੀਡਰਸ਼ਿਪ ’ਚ ਅਕਤੂਬਰ ਤੋਂ ਚੋਣਾਂ ਸਬੰਧੀ ਬੈਠਕਾਂ ਤੇ ਰੈਲੀਆਂ ਦਾ ਸਿਲਸਿਲਾ ਤੈਅ ਹੋਵੇਗਾ।