ਕੇਰਲ ਵਿਚ ਭਾਜਪਾ ਸਾਫ਼, ਸ਼੍ਰੀਧਰਨ ਤੇ ਸੂਬਾ ਪ੍ਰਮੁਖ ਸੁਰੇਂਦਰਨ ਵੀ ਹਾਰੇ

ਏਜੰਸੀ

ਖ਼ਬਰਾਂ, ਪੰਜਾਬ

ਕੇਰਲ ਵਿਚ ਭਾਜਪਾ ਸਾਫ਼, ਸ਼੍ਰੀਧਰਨ ਤੇ ਸੂਬਾ ਪ੍ਰਮੁਖ ਸੁਰੇਂਦਰਨ ਵੀ ਹਾਰੇ

image


ਮੋਦੀ, ਸ਼ਾਹ, ਨਿਰਮਲਾ, ਰਾਜਨਾਥ ਤੇ ਯੋਗੀ ਦਾ ਪ੍ਰਚਾਰ ਵੀ ਕੰਮ ਨਾ ਆਇਆ

ਤਿਰੂਵੰਤਰਮਪੁਰਮ, 3 ਮਈ : ਕੇਰਲ ਵਿਧਾਨ ਸਭਾ ਚੋਣਾਂ ਵਿਚ ਘੱਟੋ ਘੱਟ 35 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਰਾਸ਼ਟਰੀ ਜਨਤੰਤਰਕ ਗਠਜੋੜ (ਰਾਜਗ) ਐਤਵਾਰ ਨੂੰ  ਅਪਣੀ ਪੱਕੀ ਦਾਅਵੇਦਾਰੀ ਵਾਲੀ ਨੋਮੋਮ ਸੀਟ ਵੀ ਨਹੀਂ ਬਚਾ ਸਕਿਆ ਅਤੇ 'ਮੈਟ੍ਰੋਮੈਨ' ਦੇ ਨਾਮ ਨਾਲ ਮਸ਼ਹੂਰ ਈ. ਸ਼੍ਰੀਧਰਨ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਮੁਖ ਕੇ. ਸੁਰੇਂਦਰਨ ਸਮੇਤ ਉਸ ਦੇ ਸਾਰੇ ਵੱਡੇ ਉਮੀਦਵਾਰਾਂ ਨੂੰ  ਹਾਰ ਦਾ ਸਾਹਮਣਾ ਕਰਨਾ ਪਿਆ | ਸੂਬੇ ਦੀ ਰਾਜਧਾਨੀ ਸਥਿਤ ਨੇਮੋਮ ਸੀਟ 'ਤੇ ਮੁੜ ਜਿੱਤ ਹਾਸਲ ਕਰਨ ਦੀ ਜ਼ਿੰਮੇਵਾਰੀ ਮਿਜ਼ੋਰਮ ਦੇ ਸਾਬਕਾ ਰਾਜਪਾਲ ਕੁਮਾਨਮ ਰਾਜਸ਼ੇਖਰਨ ਦੇ ਮੋਢਿਆਂ 'ਤੇ ਸੀ, ਪਰ ਉਹ 2016 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਪਾਰਟੀ ਆਗੂ ਓ. ਰਾਜਾਗੋਪਾਲ ਵਾਂਗੂ ਜਾਦੂ ਚਲਾਉਣ ਵਿਚ ਅਸਫ਼ਲ ਰਹੇ ਅਤੇ ਉਨ੍ਹਾਂ ਨੂੰ  ਹਾਰ ਦਾ ਮੂੰਹ ਦੇਖਣਾ ਪਿਆ |
ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਆਗੂ ਅਤੇ ਵਾਮ ਲੋਕਤੰਤਰਕ ਮੋਰਚਾ (ਐਲਡੀਐਫ਼) ਉਮੀਦਵਾਰ ਵੀ. ਸਿਵਨਕੁੱਟੀ ਨੇ 3949 ਵੋਟਾਂ ਦੇ ਅੰਤਰ ਨਾਲ ਰਾਜਸ਼ੇਖਰਨ ਨੂੰ  ਹਰਾਇਆ | 

ਇਸ ਤੋਂ ਪਹਿਲਾਂ 2016 ਵਿਚ ਸਿਵਨਕੁੱਟੀ ਨੂੰ  ਰਾਜਾਗੋਪਾਲ ਨੇ ਹਰਾਇਆ ਸੀ | ਨੇਮੋਮ ਸੀਟ 'ਤੇ ਜਿੱਤ ਬਰਕਰਾਰ ਰਖਣਾ ਭਾਗਪਾ ਦਲ ਲਈ ਇੱਜ਼ਤ ਦਾ ਸਵਾਲ ਸੀ, ਕਿਉਂਕਿ ਸੱਤਾਧਾਰੀ ਮਾਕਪਾ ਨੇ 140 ਮੈਂਬਰੀ ਵਿਧਾਨਸਭਾ ਵਿਚ ਭਾਜਪਾ ਨੂੰ  ਪੈਰ ਟਿਕਾਉਣ ਤੋਂ ਰੋਕਣ ਵਿਚ ਕੋਈ ਕਸਰ ਨਹੀਂ ਛੱਡੀ |
  ਅਪਣੀ ਸਿਰਫ਼ ਇਕ ਸੀਟ ਨੇਮੋਮ ਹਾਰਨ ਤੋਂ ਇਲਾਵਾ, ਭਗਵਾ ਦਲ ਪਲੱਕੜ, ਮਾਲਮਪੂਝਾ, ਮਾਂਜੇਸ਼ਵਰਮ ਅਤੇ ਕਾਝਕੁੱਟਮ ਵਰਗੀਆਂ ਅਹਿਮ ਸੀਟਾਂ 'ਤੇ ਵੀ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ | (ਪੀਟੀਆਈ)

ਭਾਜਪਾ ਦਾ ਸੀ 35 ਸੀਟਾਂ ਹਾਸਲ ਕਰਨ ਦਾ ਦਾਅਵਾ
ਸੀਨੀਅਰ ਆਗੂ ਸ਼ੋਭਾ ਸੁਰੇਂਦਰਨ ਨੂੰ  ਵੀ ਕਾਝਾਕੁੱਟਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ, ਨਿਰਮਲਾ ਸੀਤਾਰਮਣ ਤੇ ਰਾਜਨਾਥ ਵਰਗੇ ਕੇਂਦਰੀ ਮੰਤਰੀਆਂ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਸਮੇਤ ਕਈ ਭਾਜਪਾ ਆਗੂਆਂ ਨੇ ਪ੍ਰਚਾਰ ਕੀਤਾ ਸੀ ਅਤੇ ਸਬਰੀਮਾਲਾ ਅਤੇ 'ਲਵ ਜਿਹਾਦ' ਵਰਗੇ ਮਾਮਲੇ ਵੀ ਚੁਕੇ ਸਨ | ਭਾਜਪਾ ਨੇ ਚੋਣਾਂ ਵਿਚ ਘੱਟੋ ਘੱਟ 35 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ ਪਰ ਉਹ ਖਾਤਾ ਵੀ ਨਹੀਂ ਖੋਲ੍ਹ ਸਕੀ | ਭਾਜਪਾ ਦੀ ਸੂਬਾ ਇਕਾਈ ਦੇ ਪ੍ਰਮੁਖ ਸੁਰੇਂਦਰਨ ਮਾਂਜੇਸ਼ਵਰਮ ਅਤੇ ਕੋਂਨੀ ਦੋਹਾਂ ਸੀਟਾਂ ਤੋਂ ਹਾਰੇ, ਜਿਸ ਨਾਲ ਪਾਰਟੀ ਲਈ ਸ਼ਰਮਨਾਕ ਸਥਿਤੀ ਪੈਦਾ ਹੋ ਗਈ |