ਅਸਾਮ ਵਿਚ ਫਿਰ ਖਿੜਿਆ ਕਮਲ, ਭਾਜਪਾ ਗਠਜੋੜ ਦੀ ਆਸਾਨ ਜਿੱਤ

ਏਜੰਸੀ

ਖ਼ਬਰਾਂ, ਪੰਜਾਬ

ਅਸਾਮ ਵਿਚ ਫਿਰ ਖਿੜਿਆ ਕਮਲ, ਭਾਜਪਾ ਗਠਜੋੜ ਦੀ ਆਸਾਨ ਜਿੱਤ

image

ਗੁਹਾਟੀ, 3 ਮਈ : ਭਾਜਪਾ ਗੱਠਜੋੜ ‘ਰਾਜਗ’ ਨੇ 126 ਮੈਂਬਰੀ ਅਸਾਮ ਵਿਧਾਨਸਭਾ ਲਈ ਹੋਈਆਂ ਚੋਣਾਂ ਵਿਚ 74 ਸੀਟਾਂ ਜਿੱਤ ਕੇ ਸੂਬੇ ਵਿਚ ਅਪਣੀ ਪਕੜ ਮਜ਼ਬੂਤ ਬਣਾਈ ਰੱਖੀ, ਜਦੋਂਕਿ ਵਿਰੋਧੀ ਕਾਂਗਰਸ ਗੱਠਜੋੜ 50 ਸੀਟਾਂ ਹੀ ਹਾਸਲ ਕਰ ਸਕੀ। ਚੋਣ ਕਮਿਸ਼ਨ ਅਨੁਸਾਰ ਭਾਜਪਾ ਨੇ 2016 ਵਾਂਗੂ ਇਸ ਵਾਰ ਵੀ ਇਕੱਲੇ 60 ਸੀਟਾਂ ’ਤੇ ਜਿੱਤ ਦਰਜ ਕੀਤੀ, ਜਦੋਂਕਿ ਉਸ ਦੀ ਸਹਿਯੋਗੀ ਅਸਾਮ ਗਣ ਪ੍ਰੀਸ਼ਦ (ਅਗਪ) ਨੂੰ 9 ਸੀਟਾਂ ’ਤੇ ਜਿੱਤ ਮਿਲੀ, ਜੋ ਪਿਛਲੀ ਵਾਰ ਨਾਲੋਂ ਪੰਜ ਸੀਟਾਂ ਘੱਟ ਹੈ। ਜੇਤੂ ਗੱਠਜੋੜ ਦੇ ਤੀਜੇ ਮੈਂਬਰ ਯੁਲਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂਪੀਪੀਐਲ) ਨੇ ਛੇ ਸੀਟਾਂ ਜਿਤੀਆਂ। ਇਹ ਸਾਰੀਆਂ ਸੀਟਾਂ ਉਸ ਨੇ ਬੋਡੋਲੈਂਡ ਪੀਪਲਜ਼ ਫ਼ਰੰਟ (ਬੀਪੀਐਫ਼) ਤੋਂ ਜਿਤੀਆਂ। 
  ਕਾਂਗਰਸ ਨੇ 29 ਸੀਟਾਂ ਜਿਤੀਆਂ, ਜਦੋਂਕਿ ਪਿਛਲੀਆਂ ਚੋਣਾਂ ਵਿਚ ਉਸ ਲੇ 26 ਸੀਟਾਂ ਹਾਸਲ ਕੀਤੀਆਂ ਸਨ। ਕਾਂਗਰਸ ਦੇ ਸਹਿਯੋਗ ਦਲ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ਼ਰੰਟ ਨੇ 16 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜੋ 2016 ਨਾਲੋਂ ਤਿੰਨ ਸੀਟਾਂ ਜ਼ਿਆਦਾ ਹਨ। ਸੱਤਾਧਾਰੀ ਗੱਠਜੋੜ ਛੱਡ ਕੇ ਮਹਾਂਗੱਠਜੋੜ ਵਿਚ ਸ਼ਾਮਲ ਹੋਈ ਬੋਡੋਲੈਂਡ ਪੀਪਲਜ਼ ਫ਼ਰੰਟ ਨੂੰ ਚਾਰ ਸੀਟਾਂ ਮਿਲੀਆਂ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਾਂਗਰਸ ਆਗੂ ਆਜਿਬ ਲੋਚਨ ਪੇਗੂ ਨੂੰ 43,192 ਵੋਟਾਂ ਦੇ ਅੰਤਰ ਨਾਲ ਹਰਾ ਕੇ ਮਾਜੂਲੀ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। (ਪੀਟੀਆਈ)