ਕਰਨਾਟਕ 'ਚ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕਰਨਾਟਕ 'ਚ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ

image


ਮਿ੍ਤਕਾਂ ਦੇ ਪ੍ਰਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਾਹਮਣੇ ਕੀਤਾ ਪ੍ਰਦਰਸ਼ਨ

ਬੰਗਲੁਰੂ, 3 ਮਈ : ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਆਕਸੀਜਨ ਦੀ ਘਾਟ ਕਾਰਨ ਵੱਖ-ਵੱਖ ਹਸਪਤਾਲਾਂ ਵਿਚ 23 ਕੋਰੋਨਾ ਮਰੀਜ਼ਾਂ ਸਮੇਤ 24 ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦਸਿਆ ਕਿ ਮਿ੍ਤਕਾਂ ਵਿਚ ਕੋਰੋਨਾ ਦੇ 23 ਮਰੀਜ਼ ਸਨ | ਚਾਮਰਾਜਨਗਰ ਜ਼ਿਲ੍ਹਾ ਹਸਪਤਾਲ ਵਿਚ ਮਾਤਮ ਛਾਇਆ ਹੋਇਆ ਹੈ ਜਿਥੇ ਖ਼ਬਰ ਸੁਣਨ ਤੋਂ ਬਾਅਦ ਮਿ੍ਤਕਾਂ ਦੇ ਪ੍ਰਵਾਰਕ ਮੈਂਬਰ ਰੋਂਦੇ ਪਿਟਦੇ ਨਜ਼ਰ ਆਏ | 
ਚਾਮਰਾਜਨਗਰ ਦੇ ਡਿਪਟੀ ਕਮਿਸ਼ਨਰ ਰਵੀ ਨੇ ਕਿਹਾ ਕਿ ਇਨ੍ਹਾਂ ਮਰੀਜ਼ਾਂ 'ਚੋਂ 23 ਮਰੀਜ਼ਾਂ ਦੀ ਮੌਤ ਸਰਕਾਰੀ ਹਸਪਤਾਲਾਂ 'ਚ ਹੋਈ, ਜਦੋਂ ਕਿ ਇਕ ਹੋਰ ਮਰੀਜ਼ ਨੇ ਨਿਜੀ ਹਸਪਤਾਲ ਵਿਚ ਦਮ ਤੋੜਿਆ | ਉਨ੍ਹਾਂ ਦਸਿਆ ਕਿ ਮਰੀਜ਼ਾਂ ਦੀ ਮੌਤ ਐਤਵਾਰ ਨੂੰ  8 ਵਜੇ ਤੋਂ ਸੋਮਵਾਰ ਦੇ 8 ਵਜੇ ਦਰਮਿਆਨ ਹੋਈ | ਇਸ ਤੋਂ ਇਲਾਵਾ 11 ਹੋਰ ਮਰੀਜ਼ਾਂ ਦੀ ਮੌਤ ਵੱਖ-ਵੱਖ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਕਾਰਨ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ | ਡਾ. ਰਵੀ ਨੇ ਕਿਹਾ ਕਿ,''ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ, ਉਹ ਸਾਰੇ ਵੈਂਟੀਲੇਟਰ 'ਤੇ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋਈ ਹੋਵੇ, ਇਹ ਜ਼ਰੂਰੀ ਨਹੀਂ ਹੈ | ਆਕਸੀਜਨ ਦੀ ਕਮੀ ਐਤਵਾਰ ਸਵੇਰ ਤੋਂ ਰਾਤ 12:30 ਤੋਂ 2:30 ਵਿਚਾਲੇ ਹੋਈ ਸੀ |''

ਮੁੱਖ ਮੰਤਰੀ ਬੀ.ਐਸ. ਯੇਦਿਯੁਰੱਪਾ ਨੇ ਵੀ ਜ਼ਿਲ੍ਹੇ ਦੇ ਡੀਸੀ ਨਾਲ ਘਟਨਾ ਬਾਰੇ ਸੂਚਨਾ ਪ੍ਰਾਪਤ ਕੀਤੀ | ਸੁਰੇਸ਼ ਕੁਮਾਰ ਨੇ ਕਿਹਾ ਕਿ ਮੌਤ ਦੀ ਜਾਂਚ ਰਿਪੋਰਟ ਤੋਂ ਪਤਾ ਚੱਲੇਗਾ ਕਿ ਇਹ ਮਰੀਜ਼ ਕਿਸ ਬਿਮਾਰੀ ਨਾਲ ਪੀੜਤ ਸਨ, ਉਨ੍ਹਾਂ ਨੂੰ  ਕੋਈ ਗੰਭੀਰ ਬਿਮਾਰੀਆਂ ਸਨ ਜਾਂ ਹੋਰ ਕਿਸੇ ਸਥਿਤੀ ਵਿਚ ਹਸਪਤਾਲ ਲਿਆਏ ਗਏ ਸਨ | ਜ਼ਿਲ੍ਹਾ ਇੰਚਾਰਜ ਅਤੇ ਸਿਖਿਆ ਮੰਤਰੀ ਸੁਰੇਸ਼ ਕੁਮਾਰ ਨੇ ਬੈਂਗਲੁਰੂ 'ਚ ਪੱਤਰਕਾਰਾਂ ਨੂੰ  ਕਿਹਾ ਕਿ ਉਨ੍ਹਾਂ ਨੇ ਚਾਮਰਾਜਨਗਰ ਜ਼ਿਲ੍ਹੇ ਤੋਂ ਮੌਤ ਦੇ ਅੰਕੜੇ ਮੰਗੇ ਹਨ ਅਤੇ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਇਆ ਜਾਵੇਗਾ | ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ  ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਮਿ੍ਤਕਾਂ ਦੇ ਪ੍ਰਵਾਰ ਵਾਲਿਆਂ ਨੇ ਹਸਪਤਾਲ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ੀ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ | (ਪੀਟੀਆਈ)