ਡਰੱਗ ਰਿਕਵਰੀ ਮਾਮਲਾ: ਸਾਬਕਾ DIG ਲਖਮਿੰਦਰ ਜਾਖੜ ਤੇ ਸੁਖਦੇਵ ਸੱਗੂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ
ਫਿਰੋਜ਼ਪੁਰ ਪੁਲਿਸ ਵੱਲੋਂ ਡਰੱਗ ਰਿਕਵਰੀ ਮਾਮਲੇ ਵਿਚ 2 ਸਾਬਕਾ ਡੀਆਈਜੀ ’ਤੇ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ: ਫਿਰੋਜ਼ਪੁਰ ਪੁਲਿਸ ਵੱਲੋਂ ਡਰੱਗ ਰਿਕਵਰੀ ਮਾਮਲੇ ਵਿਚ 2 ਸਾਬਕਾ ਡੀਆਈਜੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਪੰਜਾਬ ਜੇਲ੍ਹ ਵਿਭਾਗ ਦੇ ਸੇਵਾ ਮੁਕਤ ਡੀਆਈਜੀ ਲਖਮਿੰਦਰ ਸਿੰਘ ਜਾਖੜ ਅਤੇ ਡੀਆਈਜੀ ਸੁਖਦੇਵ ਸਿੰਘ ਸੱਗੂ ਵਲੋਂ ਆਪਣੇ ਜੇਲ੍ਹ ਸੁਪਰਡੈਂਟ ਦੇ ਕਾਰਜਕਾਲ ਦੌਰਾਨ ਜੇਲ੍ਹ ਵਿਚੋਂ ਬਰਾਮਦ ਹੈਰੋਇਨ, ਨਸ਼ੀਲੇ ਕੈਪਸੂਲਾਂ ਦੇ ਸੈਂਕੜੇ ਕੇਸਾਂ ਵਿਚ ਕਾਨੂੰਨੀ ਕਾਰਵਾਈ ਨਾ ਕਰਨ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ’ਤੇ ਦੋਸ਼ ਹਨ ਕਿ ਇਹਨਾਂ ਨੇ ਮਾਮਲਿਆਂ ਅਪਣੇ ਪੱਧਰ ’ਤੇ ਹੀ ਨਿਬੇੜ ਦਿੱਤਾ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ।
Lakhminder Singh Jakhar
ਇਹਨਾਂ ਖਿਲਾਫ਼ ਆਈਪੀਸੀ ਦੀ ਧਾਰਾ 120ਬੀ, 409, 217 ਅਤੇ ਐਨਡੀਪੀਐਸ ਐਕਟ ਦੀ ਧਾਰਾ 18,21,25,27ਏ, ਐਕਸਾਈਜ਼ ਐਕਟ ਦੀ ਧਾਰਾ 61 ਅਤੇ ਭ੍ਰਿਸ਼ਟਾਚਾਰ ਐਕਟ ਦੀ ਧਾਰਾ 13(1)(ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲੇ 2005-11 ਦੇ ਹਨ ਜਦੋਂ ਇਹ ਦੋਵੇਂ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਵਜੋਂ ਤਾਇਨਾਤ ਸਨ।
Punjab Police
ਐਫਆਈਆਰ ਵਿਚ ਦਰਜ ਹੈ ਕਿ ਜੇਲ ਵਿਚ ਨਸ਼ੀਲੇ ਪਦਾਰਥਾਂ ਦੇ 241 ਮਾਮਲੇ ਸਾਹਮਣੇ ਆਏ ਸਨ ਅਤੇ ਮੋਬਾਈਲ ਫੋਨ ਵੀ ਬਰਾਮਦ ਹੋਏ ਸਨ। ਡੀਜੀਪੀ ਵੀਕੇ ਭਾਵੜਾ ਨੇ 6 ਅਪ੍ਰੈਲ ਨੂੰ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ ਪਰ ਮੁਲਜ਼ਮਾਂ ਨੇ ਕਿਹਾ ਸੀ ਕਿ ਫ਼ੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ। ਇਸ ’ਤੇ ਡੀਜੀਪੀ ਨੇ ਫਾਈਲ ਵਾਪਸ ਮੰਗਵਾ ਲਈ ਸੀ ਤੇ ਹੁਣ ਸੋਧੇ ਹੋਏ ਹੁਕਮ 29 ਅਪ੍ਰੈਲ ਨੂੰ ਜਾਰੀ ਹੋਏ ਹਨ।