ਬਟਾਲਾ 'ਚ ਵਾਪਰਿਆ ਵੱਡਾ ਹਾਦਸਾ, ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ
ਸੱਤ ਬੱਚੇ ਬੁਰੀ ਤਰ੍ਹਾਂ ਝੁਲਸੇ
ਬਟਾਲਾ : ਬਟਾਲਾ 'ਚ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਨਿੱਜੀ ਸਕੂਲ ਦੀ ਬੱਸ ਅੱਗ ਦੀ ਲਪੇਟ 'ਚ ਆ ਗਈ। ਬੱਸ ਅੱਗ ਦੀ ਲਪੇਟ 'ਚ ਆਉਣ ਨਾਲ ਬੱਸ ਪਲਟ ਗਈ ਤੇ ਪਲਟਣ ਤੋਂ ਬਾਅਦ ਡਰਾਈਵਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੜੀ ਜੱਦੋ-ਜਹਿਦ ਨਾਲ ਸਕੂਲ 'ਚ ਸਵਾਰ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਜਿਸ ਵਿਚ 42 ਬੱਚੇ ਸਵਾਰ ਸਨ। ਸਕੂਲ ਤੋਂ ਬੱਸ ਬੱਚਿਆਂ ਨੂੰ ਲੈ ਕੇ ਘਰਾਂ ਨੂੰ ਛੱਡਣ ਜਾ ਰਹੀ ਕਿ ਰਸਤੇ ਵਿਚ ਕਿਸਾਨਾਂ ਵਲੋਂ ਨਾੜ ਨੂੰ ਲੱਗੀ ਅੱਗ ਕਾਰਨ ਬੱਸ ਡਰਾਈਵਰ ਬੱਸ ਤੋਂ ਸੰਤੁਲਨ ਗੁਆ ਬੈਠਾ ਤੇ ਬੱਸ ਖੇਤਾਂ 'ਚ ਪਲਟ ਗਈ ਤੇ ਵੇਖਦੇ ਹੀ ਵੇਖਦੇ ਅੱਗ ਨੇ ਬੱਸ ਨੂੰ ਆਪਣੀ ਚਪੇਟ 'ਚ ਲੈ ਲਿਆ।
ਹਾਦਸਾ ਬਹੁਤ ਵੱਡਾ ਸੀ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ, ਪਰ ਇਸ ਅੱਗ ਦੀ ਲਪੇਟ ਚ ਆਉਣ ਨਾਲ ਸੱਤ ਬੱਚੇ ਝੁਲਸ ਗਏ, ਜਿਨ੍ਹਾਂ ਨੂੰ ਬਟਾਲਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਭਿਆਨਕ ਅੱਗ ਦੀ ਲਪੇਟ 'ਚ ਆਈ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੇ ਭਾਰੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ।