ਬਹੁ-ਕਰੋੜੀ ਡਰੱਗ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਰਾਹਤ
ਮੁਹਾਲੀ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ 'ਚ ਕੀਤਾ 14 ਦਿਨ ਦਾ ਵਾਧਾ
18 ਮਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਚੰਡੀਗੜ੍ਹ : ਬਹੁ ਕਰੋੜੀ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਹੈ। ਦੱਸ ਦੇਈਏ ਕਿ ਮੁਹਾਲੀ ਦੀ ਅਦਾਲਤ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿਚ ਵਾਧਾ ਕਰ ਦਿਤਾ ਗਿਆ ਹੈ ਅਤੇ ਇਹ ਵਾਧਾ 14 ਦਿਨ ਲਈ ਕੀਤਾ ਗਿਆ ਹੈ। ਤਾਜ਼ਾ ਮਿਲ ਜਾਣਕਾਰੀ ਅਨੁਸਾਰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ।
ਇਹ ਵੀ ਦੱਸਣਯੋਗ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਪਟਿਆਲਾ ਦੀ ਜੇਲ੍ਹ ਵਿਚ ਬੰਦ ਹਨ। ਬੀਤੀ 19 ਅਪ੍ਰੈਲ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਈ ਸੀ ਅਤੇ ਇਸ ਦੌਰਾਨ ਅਗਲੀ ਤਰੀਕ 4 ਮਈ ਯਾਨੀ ਅੱਜ ਦੀ ਪਾ ਦਿਤੀ ਗਈ ਸੀ ਜਿਸ ਦੇ ਚਲਦੇ ਅੱਜ ਵੀ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਸਗੋਂ ਉਨ੍ਹਾਂ ਦੀ ਨਿਆਂਇਕ ਹਿਰਾਸਤ ਹੋਰ ਵਧਾ ਦਿਤੀ ਗਈ ਹੈ।
ਦੱਸਣਯੋਗ ਹੈ ਕਿ ਪਿੱਛਲੀ ਸੁਣਵਾਈ ਵੇਲੇ ਵੀ ਅਦਾਲਤ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕੀਤੀ ਸੀ ਕਿਉਂਕਿ ਬਿਕਰਮ ਮਜੀਠੀਆ ਨੇ ਉਸ ਤੋਂ ਪਹਿਲਾਂ ਹੋਈ ਇੱਕ ਸੁਣਵਾਈ ਵੇਲੇ ਕਿਹਾ ਸੀ ਕਿ ਗੈਂਗਸਟਰਾਂ ਤੋਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਮਜੀਠੀਆ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜਨਰਲ ਬੈਰਕ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਸਬੰਧੀ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਜਵਾਬ ਤਲਬ ਕੀਤਾ ਸੀ। ਜੇਲ੍ਹ ਸੁਪਰਡੈਂਟ ਨੇ ਮਜੀਠੀਆ ਨੂੰ ਧਮਕੀ ਦੇਣ ਤੋਂ ਇਨਕਾਰ ਕੀਤਾ ਸੀ। ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।