MP ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
ਅੰਮ੍ਰਿਤਸਰ ਸ਼ਹਿਰ ਦੀ ਧਾਰਮਿਕ, ਵਪਾਰਿਕ, ਭੂਗੋਲਿਕ ਆਦਿ ਮਹੱਤਤਾਵਾਂ ਦੇ ਅਧਾਰ 'ਤੇ ਬਜਟ ਵਿਚ ਵਾਧੇ ਦੀ ਕੀਤੀ ਮੰਗ
ਅੰਮ੍ਰਿਤਸਰ : ਇਥੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੜਕੀ ਆਵਾਜਾਈ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਇਸ ਚਿੱਠੀ ਵਿਚ ਮੰਗ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਂਦੇ ਰਾਸ਼ਟਰੀ ਮਾਰਗ ਅਤੇ ਬਾਈਪਾਸ ਉੱਪਰ ਬਣਾਏ ਜਾ ਰਹੇ ਪੁੱਲ ਵੀ ਪਿੱਲਰਾਂ ਵਾਲੇ ਬਣਾਏ ਜਾਣ।
ਉਨ੍ਹਾਂ ਦੱਸਿਆ ਕਿ ਇਸ ਵਿਚ ਦਬੁਰਜੀ ਵਿਖੇ ਹਾਈਵੇ ਪੁੱਲ, ਡ੍ਰੀਮ ਸਿਟੀ ਦੇ ਬਾਹਰ ਹਾਈਵੇ ਪੁੱਲ, ਮਾਨਾਵਾਲਾ ਨੇੜੇ ਐਕਸਪ੍ਰੈਸ ਵੇਅ - ਹਾਈਵੇ 354 - ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਭ ਪੁੱਲ ਅਤੇ ਬਾਈਪਾਸ 'ਤੇ ਬਣ ਰਹੇ ਪੁੱਲ ਹੇਠੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ ਪ੍ਰਮੁੱਖ ਹਨ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਹ ਮੰਗ ਲੋਕ ਸਭਾ ਦੇ ਬਜਟ ਇਜਲਾਸ ਅਤੇ ਮੰਤਰੀ ਸਾਹਿਬ ਨਾਲ ਇਕ ਮੀਟਿੰਗ ਦੌਰਾਨ ਵੀ ਰੱਖੀ ਗਈ ਸੀ ਜਿਸ ਤੇ ਮੰਤਰੀ ਵਲੋਂ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਕਮੇਟੀ ਦੀ ਰਿਪੋਰਟ ਮੁਤਾਬਿਕ ਨਿਰਧਾਰਿਤ ਬਜਟ ਤੋਂ 200 ਕਰੋੜ ਵਧੇਰੇ ਖਰਚੇ ਦਾ ਤਖਮੀਨਾ ਲਗਾਇਆ ਗਿਆ ਹੈ। ਇਸ ਰਿਪੋਰਟ ਦੇ ਮੱਦੇਨਜ਼ਰ ਹੀ ਹੁਣ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਅੰਮ੍ਰਿਤਸਰ ਸ਼ਹਿਰ ਦੀ ਧਾਰਮਿਕ, ਵਪਾਰਿਕ, ਭੂਗੋਲਿਕ ਆਦਿ ਮਹੱਤਤਾਵਾਂ ਦੇ ਅਧਾਰ 'ਤੇ ਬਜਟ ਵਿਚ ਵਾਧੇ ਦੀ ਮੰਗ ਕੀਤੀ ਹੈ।