ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2021 ’ਚ ਉਚ ਪੱਧਰ ’ਤੇ ਰਹੀ : ਯੂ.ਐਨ
ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2021 ’ਚ ਉਚ ਪੱਧਰ ’ਤੇ ਰਹੀ : ਯੂ.ਐਨ
ਰੋਮ, 4 ਮਈ : ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਸਾਲ ਅਜਿਹੇ ਲੋਕਾਂ ਦੀ ਗਿਣਤੀ ਉੱਚ ਪੱਧਰ ’ਤੇ ਪਹੁੰਚ ਗਈ ਹੈ ਜੋ ਰੋਜ਼ਾਨਾ ਆਧਾਰ ’ਤੇ ਭਰਪੂਰ ਭੋਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਸਨ। ਇਸ ਦੇ ਨਾਲ ਹੀ ਗਲੋਬਲ ਬਾਡੀ ਨੇ ਚਿਤਾਵਨੀ ਦਿਤੀ ਹੈ ਕਿ ਰੂਸ-ਯੂਕ੍ਰੇਨ ਯੁੱਧ ਕਾਰਨ ਗਲੋਬਲ ਭੋਜਨ ਉਤਪਾਦਨ ਦੇ ਪ੍ਰਭਾਵਿਤ ਹੋਣ ਕਾਰਨ ਇਸ ਗਿਣਤੀ ਦੇ ‘ਭਿਆਨਕ’ ਪੱਧਰ ’ਤੇ ਪਹੁੰਚਣ ਦਾ ਖ਼ਦਸ਼ਾ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ 2021 ’ਚ 53 ਦੇਸ਼ਾਂ ਦੇ ਕਰੀਬ 19.3 ਕਰੋੜ ਲੋਕਾਂ ਨੂੰ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਇਸ ਦੇ ਤਿੰਨ ਕਾਰਨਾਂ ਕਾਰਨ ਸੰਘਰਸ਼, ਪ੍ਰਤੀਕੂਲ ਮੌਸਮ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਆਰਥਿਕ ਪ੍ਰਭਾਵ ਸ਼ਾਮਲ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਰੋਜ਼ਾਨਾ ਭਰਪੂਰ ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ ’ਚ ਪਿਛਲੇ ਸਾਲ ਚਾਰ ਕਰੋੜ ਦਾ ਵਾਧਾ ਹੋਇਆ ਜੋ ਕਈ ਸਾਲਾਂ ’ਚ ਸਾਲਾਨਾ ਵਾਧੇ ਦੀ ਚਿੰਤਾਜਨਕ ਰੁਝਾਨ ਨੂੰ ਦਰਸਾਉਂਦਾ ਹੈ।
ਭੋਜਨ ਸੰਕਟ ਸਬੰਧੀ ਗਲੋਬਲ ਰਿਪੋਰਟ ’ਚ ਇਹ ਅੰਕੜੇ ਸਾਹਮਣੇ ਆਏ ਹਨ। ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਫ਼ੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ, ਵਰਲਡ ਫ਼ੂਡ ਪ੍ਰੋਗਰਾਮ ਅਤੇ ਯੂਰਪੀਅਨ ਯੂਨੀਅਨ ਨੇ ਸਾਂਝੇ ਤੌਰ ’ਤੇ ਤਿਆਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਅਫਗਾਨਿਸਤਾਨ, ਕਾਂਗੋ, ਇਥੋਪੀਆ, ਨਾਈਜੀਰੀਆ, ਦਖਣੀ ਸੂਡਾਨ, ਸੀਰੀਆ ਅਤੇ ਯਮਨ ਸਮੇਤ ਲੰਬੇ ਸਮੇਂ ਤੋਂ ਸੰਘਰਸ਼ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ ’ਚ ਅਜਿਹੀ ਆਬਾਦੀ ਸੱਭ ਤੋਂ ਜ਼ਿਆਦਾ ਸੀ। (ਏਜੰਸੀ)