ਮੁਹਾਲੀ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਸੀ, ਉੱਥੇ ਇਸ ਅੱਤ ਦੀ ਗਰਮੀ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਨਜ਼ਰ ਆ ਰਹੇ ਸਨ। ਉਥੇ ਅੱਤ ਦੀ ਗਰਮੀ ਦਰਮਿਆਨ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ। ਅੱਜ ਜਿੱਥੇ ਸਵੇਰ ਤੋਂ ਹੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ, ਉਥੇ ਹੀ ਪਟਿਆਲਾ ਵਿਚ ਤੇਜ਼ ਝੱਖੜ ਦੇ ਨਾਲ-ਨਾਲ ਜ਼ਬਰਦਸਤ ਗੜੇਮਾਰੀ ਹੋਈ ਹੈ। ਇਸ ਨਾਲ ਪਟਿਆਲਾ ਵਾਸੀਆਂ ਨੂੰ ਗਰਮੀ ਤੋਂ ਕੁੱਝ ਸਮੇਂ ਲਈ ਰਾਹਤ ਮਿਲੀ।
ਪਟਿਆਲਾ ਵਿਖੇ ਪਏ ਮੀਂਹ ਨਾਲ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਵੇਖੀ ਗਈ। ਦੱਸਣਯੋਗ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਗਰਮੀ ਵੱਧਣ ਦੇ ਨਾਲ ਨਾ ਸਿਰਫ ਲੋਕਾਂ ਦਾ ਤ੍ਰਾਹ ਨਿਕਲਿਆ ਹੋਇਆ ਸੀ, ਸਗੋਂ ਪਾਵਰਕਾਮ ਵੀ ਬਿਜਲੀ ਦੀ ਮੰਗ ਵਧਣ ਕਾਰਨ ਮਾੜੇ ਹਾਲਾਤ ’ਚੋਂ ਨਿਕਲ ਰਿਹਾ ਸੀ।
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੈ ਰਹੀ ਗਰਮੀ ਨਾਲ ਝੁਲਸ ਰਹੇ ਉੱਤਰੀ ਭਾਰਤ ਨੂੰ ਮੌਸਮ ਦੇ ਬਦਲੇ ਭਾਰੀ ਰਾਹਤ ਮਿਲੀ ਹੈ। ਹਰ ਪਾਸੇ ਗਰਮੀ ਦੀ ਲਹਿਰ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ, ਇਸ ਲਈ ਤਾਪਮਾਨ ਵੀ ਹੇਠਾਂ ਆ ਗਿਆ ਹੈ। ਅਗਲੇ ਚਾਰ-ਪੰਜ ਦਿਨਾਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਹਤ ਦਾ ਇਹ ਦੌਰ ਫਿਲਹਾਲ ਜਾਰੀ ਰਹੇਗਾ। ਪਹਾੜੀ ਸੂਬਿਆਂ ਵਿੱਚ ਵੀ ਮੌਸਮ ਦਾ ਰੂਪ ਬਦਲਿਆ ਹੈ। ਅਗਲੇ ਕੁੱਝ ਘੰਟਿਆਂ ਵਿਚ ਸੂਬੇ ਅੰਦਰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।