ਸਿੱਖ ਮੁਸਲਿਮ ਸਾਂਝਾ ਦੇ ਵਫ਼ਦ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਡਮ ਜਗਜੀਤ ਕੌਰ ਨੇ ਈਦ ਦੇ ਸ਼ੁੱਭ ਦਿਹਾੜੇ 'ਤੇ ਕੱਟਿਆ ਕੇਕ ਅਤੇ ਕੀਤਾ ਵਫ਼ਦ ਦਾ ਨਿੱਘਾ ਸਵਾਗਤ

Sikh Muslim Sanjha delegation at Rozana Spokesman Office

ਸਿੱਖਾਂ ਅਤੇ ਮੁਸਲਮਾਨਾਂ ਦੀਆਂ ਆਪਸੀ ਸਾਂਝ ਨੂੰ ਕਲੰਕਤ ਕਰਨ ਦੀ ਕੋਸ਼ਿਸ਼ ਬਹੁਤ ਨਿੰਦਣਯੋਗ - ਜਗਜੀਤ ਕੌਰ 
ਦੋਵੇਂ ਧਰਮਾ ਦਾ ਮੁੱਢਲਾ ਵਿਸਵਾਸ਼ ਇਕ ਰੱਬ ਨੂੰ ਮੰਨਣਾ  ਫਿਰ ਦੋਂਹਾਂ 'ਚ ਦੂਰੀਆਂ ਕੈਸੀਆਂ : ਡਾ ਨਸੀਰ ਅਖਤਰ
ਸਪੋਕਸਮੈਨ ਤਾਂ ਪਹਿਲਾਂ ਹੀ ਹੱਕ ਸੱਚ ਦੀ ਲੜਾਈ ਲੜ ਰਿਹਾ ਹੈ ਤੇ ਅਜਿਹੀਆਂ ਹੌਸਲਾ ਅਫ਼ਜ਼ਾਈਆਂ ਰਾਹੀਂ ਇਹ ਲੜਾਈ ਲੜਨ ਲਈ  ਮਿਲੇਗੀ ਹੋਰ ਤਾਕਤ-ਨਿਮਰਤ ਕੌਰ

ਮੁਹਾਲੀ/ਮਾਲਰਕੋਟਲਾ (ਇਸਮਾਈਲ ਏਸ਼ੀਆ ) ਸਿੱਖ ਮੁਸਲਿਮ ਸਾਂਝਾ ਦਾ ਇਕ ਵਫ਼ਦ ਡਾ. ਨਸੀਰ ਅਖ਼ਤਰ ਦੀ ਅਗਵਾਈ ਹੇਠ ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਅਤੇ  ਮੈਨੇਜਿੰਗ  ਐਡੀਟਰ ਮੈਡਮ ਨਿਮਰਤ ਕੌਰ  ਦੁਆਰਾ ਰੋਜ਼ਾਨਾ ਸਪੋਕਸਮੈਨ ਐਡੀਟੋਰੀਅਲ ਪੇਜ ਸਮੇਤ  ਸਪੋਕਸਮੈਨ ਟੀ.ਵੀ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਹੱਕ ਸੱਚ ਨੂੰ ਉਜਾਗਰ ਕਰਨ ਲਈ ਜਿਸ ਦ੍ਰਿੜ੍ਹਤਾ, ਬੇਬਾਕੀ ਨਾਲ ਉਨ੍ਹਾਂ ਦੇ ਮਨ ਵਿੱਚ ਵਸਦੇ  ਇਨਸਾਨੀਅਤ ਲਈ ਦਰਦ ਨੂੰ ਆਪਣੀਆਂ ਲਿਖਤਾਂ ਰਾਹੀਂ ਪੇਸ਼  ਕਰਨ ਤੇ ਉਨ੍ਹਾਂ ਦਾ ਸਨਮਾਨ ਅਤੇ ਧੰਨਵਾਦ ਕਰਨ ਲਈ ਈਦ ਦੇ ਪਵਿੱਤਰ ਮੌਕੇ 'ਤੇ ਮੁੱਖ ਦਫ਼ਤਰ ਮੋਹਾਲੀ ਪਹੁੰਚਿਆ।

ਇਸ ਮੌਕੇ ਪਹੁੰਚੇ ਵਫ਼ਦ ਦਾ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਮੈਡਮ ਜਗਜੀਤ ਕੌਰ ਨੇ ਸਵਾਗਤ ਕਰਦਿਆਂ ਈਦ ਦੇ ਸ਼ੁੱਭ ਦਿਹਾੜੇ 'ਤੇ ਕੇਕ ਕੱਟਿਆ ਅਤੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ । ਲੰਬੀ ਦੇਰ ਚੱਲੀ ਇਸ ਮਿਲਣੀ ਵਿੱਚ ਵਫ਼ਦ ਅਤੇ ਮੈਡਮ ਜਗਜੀਤ ਕੌਰ ਤੇ ਮੈਡਮ ਨਿਮਰਤ ਕੌਰ ਨੇ ਸਿੱਖ ਮੁਸਲਿਮ ਸਾਂਝਾਂ ਸਮੇਤ ਆਪਸੀ ਭਾਈਚਾਰਕ ਸਾਂਝਾ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ.ਨਸੀਰ ਅਖ਼ਤਰ ਨੇ ਸਿੱਖ ਇਤਿਹਾਸ  ਵਿੱਚ ਪਾਏ ਜਾਂਦੇ ਭਰਮ ਭੁਲੇਖਿਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਦ ਦੋਵੇਂ ਧਰਮ ਇਕ ਰੱਬ ਦੀ ਪ੍ਰੈਸ਼ਤਿਸ਼ (ਇਬਾਦਤ) ਦੀ  ਸਿੱਖਿਆ ਦਿੰਦੇ ਹਨ ਤੇ ਦੋਵਾਂ ਦਾ ਮੁੱਢਲਾ ਵਿਸਵਾਸ਼ ਇਕ ਰੱਬ ਨੂੰ ਮੰਨਣਾ ਹੈ ਤਾਂ ਫਿਰ ਦੋਂਹਾਂ 'ਚ ਦੂਰੀਆਂ ਕਿਉਂ?

ਇਸ ਮੌਕੇ ਮੈਡਮ ਜਗਜੀਤ ਕੌਰ ਨੇ ਕਿਹਾ ਕਿ  ਸਿੱਖਾਂ ਅਤੇ ਮੁਸਲਮਾਨਾਂ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੇ ਸਮੇਂ ਤੋਂ ਹੀ ਮਜ਼ਬੂਤ ਸਾਂਝਾਂ ਚਲੀਆਂ ਆ ਰਹੀਆਂ ਸਨ ਜਿਨ੍ਹਾਂ ਵਿਚ ਕੁਝ ਮੌਕਾਪ੍ਰਸਤ ਲੋਕਾਂ ਨੇ ਇਤਿਹਾਸ  ਵਿੱਚ ਰਲੇਵਾਂ ਕਰਕੇ  ਭਰਮ ਭੁਲੇਖੇ ਪਾ ਦਿੱਤੇ ਗਏ ਹਨ ਜਿਸ 'ਤੇ ਚੱਲ ਕੇ ਕੁਝ ਲੋਕ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਆਪਸੀ ਸਾਂਝਾਂ  ਨੂੰ  ਕਲੰਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਵਧੇਰੇ ਨਿੰਦਣਯੋਗ ਹੈ।

ਇਸ ਮੌਕੇ ਮੈਡਮ ਨਿਮਰਤ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਕਾਰਜ ਕਰਨ ਵਾਲੀ ਇਸ ਜਥੇਬੰਦੀ ਵੱਲੋਂ ਉਨ੍ਹਾਂ ਦਾ ਮਾਣ ਸਨਮਾਨ ਕਰਨਾ ,ਮੇਰੇ ਲਈ ਬੇਹੱਦ ਮਾਣ ਦੀ ਗੱਲ ਹੈ ਜਿਸ ਲਈ ਉਨ੍ਹਾਂ ਨੇ ਗਏ ਵਫ਼ਦ ਦਾ ਜਿੱਥੇ  ਧੰਨਵਾਦ ਕੀਤਾ ਉੱਥੇ ਹੀ  ਉਨ੍ਹਾਂ ਇਸ ਮੌਕੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅੱਗੋਂ  ਵੀ ਉਨ੍ਹਾਂ ਵੱਲੋਂ ਆਪਣੇ ਮਾਤਾ ਪਿਤਾ ਦੀ ਤਰਜ਼ 'ਤੇ ਕਾਰਜ ਕੀਤਾ ਜਾਂਦਾ ਰਹੇਗਾ।

ਉਨ੍ਹਾਂ ਕਿਹਾ ਕਿ ਸਪੋਕਸਮੈਨ ਤਾਂ ਪਹਿਲਾਂ ਹੀ ਹੱਕ ਸੱਚ ਦੀ ਲੜਾਈ ਲੜ ਰਿਹਾ ਹੈ ਅਤੇ ਅਜਿਹੀਆਂ ਹੌਸਲਾ ਅਫ਼ਜ਼ਾਈਆਂ ਰਾਹੀਂ ਇਹ ਲੜਾਈ ਲੜਨ ਲਈ ਉਨ੍ਹਾਂ ਨੂੰ ਹੋਰ ਤਾਕਤ ਮਿਲੇਗੀ । ਆਖਰ ਵਿੱਚ ਵਫ਼ਦ ਦੇ ਮੈਂਬਰਾਂ ਨੇ ਮੈਡਮ ਨਿਮਰਤ ਕੌਰ ਦਾ ਏਸ਼ੀਆ ਦੀ ਖ਼ੂਬਸੂਰਤ ਵੱਡੀ ਈਦਗਾਹ ਮਾਲੇਰਕੋਟਲਾ ਦਾ ਚਿੱਤਰ ਦੇ ਕੇ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ 'ਤੇ  ਸਿੱਖ ਮੁਸਲਿਮ ਸਾਂਝਾ ਦੇ ਜਨਾਬ ਮੁਹੰਮਦ ਅਖ਼ਤਰ ਅਤੇ ਜਨਾਬ ਮੁਹੰਮਦ ਅਨਵਰ ਵੀ ਹਾਜ਼ਰ ਸਨ।