ਅਮਰੀਕਾ ਦੇ ਜੰਗਲਾਂ ’ਚ ਭਿਆਨਕ ਅੱਗ, ਛੇ ਹਜ਼ਾਰ ਲੋਕਾਂ ਨੇ ਘਰ ਛੱਡੇ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ਦੇ ਜੰਗਲਾਂ ’ਚ ਭਿਆਨਕ ਅੱਗ, ਛੇ ਹਜ਼ਾਰ ਲੋਕਾਂ ਨੇ ਘਰ ਛੱਡੇ

image

ਹਿਊਸਟਨ, 4 ਮਈ : ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਜੰਗਲ ਵਿਚ ਭਿਆਨਕ ਅੱਗ ਨੇ 6,000 ਸਥਾਨਕ ਨਿਵਾਸੀਆਂ ਨੂੰ ਅਪਣੇ ਖੇਤਰ ਤੋਂ ਭੱਜਣ ਲਈ ਮਜਬੂਰ ਕਰ ਦਿਤਾ ਹੈ। ਸੂਬੇ ਦੇ ਗਵਰਨਰ ਮਿਸ਼ੇਲ ਲੁਜਨ ਗ੍ਰਿਸ਼ਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ। ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜੰਗਲ ਦੀ ਅੱਗ ਨੂੰ ਇਕ ਆਫ਼ਤ ਐਲਾਨਣ ਦੀ ਅਪੀਲ ਕੀਤੀ ਤਾਂ ਜੋ ਸੰਘੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਜੰਗਲ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਛੇ ਹਜ਼ਾਰ ਨਿਵਾਸੀਆਂ ਨੂੰ ਇਹ ਜਗ੍ਹਾ ਛੱਡਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਅਗਲਾ ਦਿਨ ਕਿਵੇਂ ਦਾ ਬੀਤੇਗਾ। ਰਾਜਪਾਲ ਨੇ ਦਸਿਆ ਕਿ ਅਪ੍ਰੈਲ ਤੋਂ ਇਥੋਂ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਸੈਂਕੜੇ ਘਰ ਸੜ ਕੇ ਤਬਾਹ ਹੋ ਚੁਕੇ ਹਨ। ਨੈਸ਼ਨਲ ਇੰਟਰ ਏਜੰਸੀ ਫ਼ਾਇਰ ਸੈਂਟਰ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਿਊ ਮੈਕਸੀਕੋ ਸਮੇਤ ਅਮਰੀਕਾ ਦੇ ਪੰਜ ਸੂਬਿਆਂ ਦੇ ਵੱਖ-ਵੱਖ ਖੇਤਰਾਂ ’ਚ ਲੱਗੀ ਭਿਆਨਕ ਅੱਗ ਨੇ ਕਰੀਬ ਇਕ ਹਜ਼ਾਰ ਵਰਗ ਕਿਲੋਮੀਟਰ ਜੰਗਲ ਤਬਾਹ ਕਰ ਦਿਤਾ ਹੈ। (ਏਜੰਸੀ)