ਪਾਕਿਸਤਾਨ ’ਚ ਮੀਡੀਆ ਅਤੇ ਸਿਵਲ ਸੁਸਾਇਟੀ ’ਤੇ ਪਾਬੰਦੀਆਂ ਤੋਂ ਜਾਣੂ ਹੈ ਅਮਰੀਕਾ : ਬਲਿੰਕਨ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ’ਚ ਮੀਡੀਆ ਅਤੇ ਸਿਵਲ ਸੁਸਾਇਟੀ ’ਤੇ ਪਾਬੰਦੀਆਂ ਤੋਂ ਜਾਣੂ ਹੈ ਅਮਰੀਕਾ : ਬਲਿੰਕਨ

image

ਵਾਸ਼ਿੰਗਟਨ, 4 ਮਈ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀਆਂ ਪਾਕਿਸਤਾਨ ਦੇ ਅਕਸ ਅਤੇ ਉਸ ਦੀ ਤਰੱਕੀ ਕਰਨ ਦੀ ਸਮਰਥਾ ਨੂੰ ਕਮਜ਼ੋਰ ਕਰਦੀਆਂ ਹਨ। ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ’ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਬਲਿੰਕਨ ਨੇ ਕਿਹਾ ਕਿ ਅਮਰੀਕੀ ਸਰਕਾਰ ਪਾਕਿਸਤਾਨ ਵਿਚ ਮੀਡੀਆ ਆਉਟਲੈਟਾਂ ਅਤੇ ਸਿਵਲ ਸੁਸਾਇਟੀ ’ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਜਾਣੂ ਹੈ ਅਤੇ ਇਸ ਮੁੱਦੇ ’ਤੇ ਉਹਨਾਂ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਚਰਚਾ ਕੀਤੀ ਹੈ। 
ਇਕ ਪਾਕਿਸਤਾਨੀ ਪੱਤਰਕਾਰ ਵਲੋਂ ਪੁੱਛੇ ਜਾਣ ’ਤੇ ਕੀ ਪਾਕਿਸਤਾਨ ਨੂੰ ਅਜੇ ਵੀ ਪੱਤਰਕਾਰਾਂ ਲਈ ਸੱਭ ਤੋਂ ਖ਼ਤਰਨਾਕ ਸਥਾਨ ਮੰਨਿਆ ਜਾਂਦਾ ਹੈ, ਦੇ ਜਵਾਬ ਵਿਚ ਬਲਿੰਕਨ ਨੇ ਕਿਹਾ ਕਿ ਇਕ ਜੀਵੰਤ ਆਜ਼ਾਦ ਪ੍ਰੈੱਸ, ਇਕ ਸੂਝਵਾਨ ਨਾਗਰਿਕ ਪਾਕਿਸਤਾਨ ਅਤੇ ਇਸ ਦੇ ਭਵਿੱਖ ਸਮੇਤ ਕਿਸੇ ਵੀ ਦੇਸ਼ ਲਈ ਮਹੱਤਵਪੂਰਨ ਹਨ ਅਤੇ ਮੈਨੂੰ ਲਗਦਾ ਹੈ ਕਿ ਪਾਕਿਸਤਾਨ ਵਿਚ ਜੋ ਕੱੁਝ ਹੋ ਰਿਹਾ ਹੈ। ਉਹ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਕਰਦਾ ਹੈ। ਪੱਤਰਕਾਰ ਨੇ ਪੁਛਿਆ ਕਿ ਪਿਛਲੇ ਸਾਲ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਅਤੇ ਕੱੁਝ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਲਈ ਕਈ ਪਾਕਿਸਤਾਨੀ ਪੱਤਰਕਾਰਾਂ ਨੂੰ ਮਾਰ ਦਿਤਾ ਗਿਆ, ਉਨ੍ਹਾਂ ਨੂੰ ਅਗ਼ਵਾ ਕੀਤਾ ਗਿਆ ਅਤੇ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ। ਉਸ ਨੇ ਪੁਛਿਆ ਕੀ ਵਿਦੇਸ਼ ਵਿਭਾਗ ਨੇ ਕਦੇ ਪਾਕਿਸਤਾਨੀ ਅਧਿਕਾਰੀਆਂ ਨਾਲ ਦੁਵੱਲੀ ਗੱਲਬਾਤ ਵਿਚ ਇਹ ਮੁੱਦਾ ਉਠਾਇਆ ਹੈ?” ਇਸ ਦੇ ਜਵਾਬ ਵਿਚ ਬਲਿੰਕਨ ਨੇ ਕਿਹਾ ਕਿ ਛੋਟਾ ਜਵਾਬ ਹਾਂ ਹੈ, ਅਸੀਂ ਪਾਕਿਸਤਾਨੀ ਹਮਰੁਤਬਾ ਨਾਲ ਮੀਟਿੰਗਾਂ ਵਿਚ ਇਸ ਮੁੱਦੇ ਨੂੰ ਉਠਾਉਂਦੇ ਹਾਂ।” 
ਜ਼ਿਕਰਯੋਗ ਹੈ ਕਿ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ’ਤੇ ਅਮਰੀਕੀ ਵਿਦੇਸ਼ ਮੰਤਰੀ ਦੀ ਇਹ ਟਿੱਪਣੀ ਇਕ ਗਲੋਬਲ ਮੀਡੀਆ ਵਾਚਡਾਗ ’ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵਲੋਂ ਜਾਰੀ ਇਕ ਰਿਪੋਰਟ ਤੋਂ ਬਾਅਦ ਆਈ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕ ਅੰਕ ’ਚ ਪਿਛਲੇ ਸਾਲ ਦੇ 145ਵੇਂ ਸਥਾਨ ਤੋਂ ਇਸ ਸਾਲ 157ਵਾਂ ਸਥਾਨ ’ਤੇ ਆ ਗਿਆ ਹੈ। (ਏਜੰਸੀ)