ਇਸ ਵਾਰ ਕਣਕ ਦੀ ਖ਼ਰੀਦ ਸਰਕਾਰ ਤੇ ਕਿਸਾਨਾਂ ਲਈ ਘਾਟੇ ਦਾ ਸੌਦਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਵਾਰ ਕਣਕ ਦੀ ਖ਼ਰੀਦ ਸਰਕਾਰ ਤੇ ਕਿਸਾਨਾਂ ਲਈ ਘਾਟੇ ਦਾ ਸੌਦਾ

image


ਕੇਂਦਰ ਵਲੋਂ 45 ਫ਼ੀ ਸਦੀ ਘੱਟ ਖ਼ਰੀਦ ਹੋਈ


ਚੰਡੀਗੜ੍ਹ, 3 ਮਈ (ਜੀ.ਸੀ. ਭਾਰਦਵਾਜ): ਮਾਰਚ ਮਹੀਨੇ ਹੀ ਆਏ ਗਰਮ ਮੌਸਮ ਨਾਲ ਕਣਕ ਦਾ ਦਾਣਾ ਮਾਚੂ ਤੇ ਕਚਮਰੜ ਰਹਿਣ ਕਾਰਨ 20 ਤੋਂ 25 ਫ਼ੀ ਸਦੀ ਘੱਟ ਝਾੜ ਦੇਣ ਤੇ ਪ੍ਰਾਈਵੇਟ ਵਪਾਰੀਆਂ ਵਲੋਂ ਦਸ ਲੱਖ ਟਨ ਤੋਂ ਵੱਧ ਵਧੀਆ ਕਣਕ ਵਿਦੇਸ਼ਾਂ ਵਿਚ ਭੇਜਣ ਕਾਰਨ ਇਸ ਕਣਕ ਦੇ ਸੀਜ਼ਨ ਵਿਚ ਪੰਜਾਬ ਸਰਕਾਰ ਨੂੰ  ਮੰਡੀ ਫ਼ੀਸ ਤੇ ਦਿਹਾਤੀ ਵਿਕਾਸ ਫ਼ੰਡ ਦਾ 1800 ਕਰੋੜ ਦਾ ਘਾਟਾ ਪਿਆ ਹੈ ਅਤੇ ਝਾੜ ਘਟਣ ਕਰ ਕੇ ਪੰਜਾਬ 'ਚ ਲੱਖਾਂ ਕਿਸਾਨ ਪ੍ਰਵਾਰਾਂ ਨੂੰ  1200  ਕਰੋੜ ਦਾ ਨੁਕਸਾਨ ਉਠਾਉਣਾ ਪਿਆ ਹੈ |
ਦਾਣਾ ਹੁਲਣ ਕਰ ਕੇ ਪਏ ਘਾਟੇ ਦਾ ਨਾ ਤਾਂ ਕੇਂਦਰ  ਸਰਕਾਰ ਅਤੇ ਨਾ ਹੀ ਸੂਬੇ ਦੀ ਸਰਕਾਰ ਨੇ ਕਿਸਾਨਾਂ ਨੂੰ  ਕੋਈ ਬੋਨਸ ਜਾਂ ਰਿਆਇਤ ਦਿਤੀ ਹੈ | ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਖੇਤੀ ਮਾਹਰਾਂ, ਖ਼ਰੀਦ ਕਰਦੇ ਵਿਭਾਗ ਤੇ ਏਜੰਸੀਆਂ ਦੇ ਅਧਿਕਾਰੀਆਂ ਸਮੇਤ ਅਨੇਕਾਂ ਪੀੜਤ ਕਿਸਾਨਾਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਪਤਾ ਲੱਗਾ ਹੈ ਕਿ ਪਨਗ੍ਰੇਨ, ਪਨਸਪ, ਮਾਰਕਫ਼ੈੱਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਸਮੇਤ ਕੇਂਦਰ ਦੀ ਏਜੰਸੀ ਐਫ਼ ਸੀ ਆਈ ਨੇ 94 ਲੱਖ ਟਨ ਕਣਕ ਅਤੇ ਪ੍ਰਾਈਵੇਟ ਵਿਉਪਾਰੀ ਵਲੋਂ 6 ਲੱਖ ਟਨ ਤੋਂ ਵੱਧ ਕਣਕ ਦੀ ਖ਼ਰੀਦ, ਕੁਲ ਮਿਲਾ ਕੇ 100 ਲੱਖ ਟਨ ਤੋਂ ਪਾਰ ਕਰ ਗਈ ਹੈ | ਅੱਜ ਸ਼ਾਮ ਤਕ ਕਿਸਾਨਾਂ ਤੇ ਆੜ੍ਹਤੀਆਂ ਦੀ 17463 ਕਰੋੜ ਦੀ ਬਣਦੀ ਅਦਾਇਗੀ ਵਿਚੋਂ 16909 ਕਰੋੜ ਦੀ ਰਕਮ ਬੈਂਕ ਖਾਤਿਆਂ ਵਿਚ ਪਾ ਦਿਤੀ ਗਈ ਹੈ |
ਜ਼ਿਕਰਯੋਗ ਹੈ ਕਿ 1 ਅਪ੍ਰੈਲ ਤੋਂ ਸ਼ੁਰੂ ਕੀਤੀ ਕਣਕ ਦੀ ਖ਼ਰੀਦ ਉਪਰੰਤ ਅੱਜ 33-34 ਦਿਨਾਂ 'ਚ ਪੰਜਾਬ ਦੀਆਂ ਕੁਲ 2300 ਮੰਡੀਆਂ ਤੇ ਖ਼ਰੀਦ
ਕੇਂਦਰਾਂ ਵਿਚ ਵਿਕਣ ਆਉਂਦੀ ਕਣਕ, ਐਤਕੀ ਕੇਵਲ 100 ਲੱਖ ਟਨ ਹੀ ਕੇਂਦਰੀ ਭੰਡਾਰ ਵਾਸਤੇ ਖ਼ਰੀਦੀ | ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 130 ਲੱਖ ਟਨ ਪਾਰ ਕਰ ਚੁੱਕਾ ਸੀ | ਘੱਟ ਖ਼ਰੀਦ ਹੋਣ ਕਾਰਨ ਮਨਜ਼ੂਰ ਕੀਤੀ ਕੈਸ਼ ਕ੍ਰੈਡਿਟ ਲਿਮਟ 24700 ਕਰੋੜ ਦੀ ਪੂਰੀ ਵਰਤੀ ਨਹੀਂ ਜਾਏਗੀ ਅਤੇ ਘੱਟ ਖ਼ਰੀਦ ਕਾਰਨ 3 ਪ੍ਰਤੀਸ਼ਤ ਮੰਡੀ ਫ਼ੀਸ ਤੇ ਇੰਨਾ ਹੀ ਪ੍ਰਤੀ ਕੁਇੰਟਲ ਦਿਹਾਤੀ ਵਿਕਾਸ ਫ਼ੰਡ ਜੋ ਸਾਲ ਵਿਚ 4000 ਕਰੋੜ ਸਰਕਾਰ ਨੂੰ  ਮਿਲਦਾ ਹੈ ਉਹ 1800 ਕਰੋੜ ਦਾ ਚੂਨਾ ਲੱਗੇਗਾ | ਕੇਂਦਰ ਸਰਕਾਰ ਦੇ ਸੂਤਰਾਂ ਨੇ ਵੀ ਦਸਿਆ ਕਿ ਪਿਛਲੇ ਸਾਲ ਹੋਈ 433 ਲੱਖ ਟਨ ਦੀ ਖ਼ਰੀਦ ਦੇ ਮੁਕਾਬਲੇ ਇਸ ਵਾਰ 444 ਲੱਖ ਟਨ ਖ਼ਰੀਦ ਦਾ ਟੀਚਾ ਮਿਥਿਆ ਸੀ ਪਰ ਅਜੇ ਤਕ 100 ਲੱਖ ਟਨ ਪੰਜਾਬ ਤੋਂ, 35 ਲੱਖ ਟਨ ਹਰਿਆਣੇ ਤੋਂ ਅਤੇ 30 ਲੱਖ ਟਨ ਕਣਕ ਮੱਧ ਪ੍ਰਦੇਸ ਯਾਨੀ ਕੁਲ 165 ਲੱਖ ਟਨ ਦੀ ਖ਼ਰੀਦ ਹੋ ਸਕੀ ਹੈ  ਜੋ 45 ਫ਼ੀ ਸਦੀ ਘੱਟ ਹੈ |
ਸੂਤਰਾਂ ਨੇ ਇਹ ਵੀ ਦਸਿਆ ਕਿ ਦੇਸ਼ 'ਚ ਕੁਲ  14,70,000 ਤੋਂ ਵੱਧ ਕਿਸਾਨ ਪ੍ਰਵਾਰਾਂ ਨੂੰ  32634 ਕਰੋੜ ਦੀ ਅਦਾਇਗੀ ਕੀਤੀ ਗਈ ਹੈ | ਕੇਂਦਰ ਸਰਕਾਰ ਨੂੰ  ਇਹ ਵੀ ਚਿੰਤਾ ਹੈ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤੇ ਅਨਾਜ ਸੁਰੱਖਿਆ ਐਕਟ ਤਹਿਤ ਕੁਲ 390 ਲੱਖ ਟਨ ਕਣਕ ਚਾਵਲ ਸਸਤੇ ਰੇਟ 'ਤੇ ਦੇਣ ਵਾਸਤੇ ਐਤਕੀਂ ਅਨਾਜ ਪੂਰਾ ਕਿਥੋਂ ਕੀਤਾ ਜਾਵੇਗਾ?