ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ਮੌਕੇ ਭਾਵੁਕ ਹੋਏ ਸੁਖਬੀਰ ਬਾਦਲ, ਕਹੀਆਂ ਇਹ ਗੱਲਾਂ
'ਪੰਜਾਬ ਵਿਚ ਹਰ ਘਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ੍ਹ ਨਾਲ ਕੋਈ ਨਾ ਕੋਈ ਸੰਬੰਧ ਰਿਹਾ ਹੋਵੇਗਾ'
ਬਾਦਲ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਬਾਦਲ ਪਰਿਵਾਰ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਕੇਂਦਰੀ ਗ੍ਰਹਿ ਅਮਿਤ ਸ਼ਾਹ ਵੀ ਪੁੱਜੇ ਅਤੇ ਉਨ੍ਹਾਂ ਨੇ ਪਿੰਡ ਬਾਦਲ ਪਹੁੰਚਦਿਆਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿਤੀ। ਅੰਤਿਮ ਅਰਦਾਸ 'ਚ ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ, ਓਡੀਸ਼ਾ ਦੇ ਕੈਬਨਿਟ ਮੰਤਰੀ ਆਤਮ ਵੋਹਰਾ ਵੀ ਪਹੁੰਚੇ।
ਇਹ ਵੀ ਪੜ੍ਹੋ: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਸੁਖਬੀਰ ਬਾਦਲ ਨੇ ਇਸ ਦੌਰਾਨ ਭੋਗ ਸਮਾਗਮ ਵਿਚ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਮਰਹੂਮ ਬਾਦਲ ਬਾਰੇ ਬੋਲਦਿਆਂ ਸੁਖਬੀਰ ਭਾਵੁਕ ਹੋ ਗਏ। ਮਰਹੂਮ ਪਿਤਾ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕ ਸੱਚੇ ਦੇਸ਼ਭਗਤ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਕੋਲ ਕੋਈ ਲਫ਼ਜ਼ ਨਹੀਂ ਹਨ ਕਿ ਉਹ ਸੰਗਤ ਦਾ ਧੰਨਵਾਦ ਕਰ ਸਕਣ। ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਸਮੁੱਚੀ ਪਾਰਟੀ ਅਤੇ ਸੰਗਤ ਨੇ ਮੇਰੇ ਪਿਤਾ ਨੂੰ ਦਿੱਤਾ ਹੈ, ਮੇਰੇ ਕੋਲ ਲਫ਼ਜ਼ ਨਹੀਂ ਹਨ ਕਿ ਮੈਂ ਧੰਨਵਾਦ ਕਰ ਸਕਾਂ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਬਾਰੇ ਕਈ ਕਹਾਣੀਆਂ ਸੁਣੀਆਂ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿਚ ਹਰ ਘਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ੍ਹ ਨਾਲ ਕੋਈ ਨਾ ਕੋਈ ਸੰਬੰਧ ਰਿਹਾ ਹੋਵੇਗਾ।
ਇਹ ਵੀ ਪੜ੍ਹੋ: ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਹਾਦਸਾ, ਬੱਸ ਹੇਠਾਂ ਆਈ ਬਜ਼ੁਰਗ ਮਾਤਾ, ਮੌਤ
ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਦੁੱਖ਼ ਵੰਡਾਉਣ ਲਈ ਪਹੁੰਚੀ ਹੈ। ਬਾਦਲ ਸਾਬ੍ਹ ਨੇ ਹਮੇਸ਼ਾ ਭਾਈਚਾਰੇ ਨਾਲ ਰਹਿਣਾ ਸਿਖਾਇਆ ਹੈ, ਉਹ ਹਰ ਧਰਮ ਦਾ ਸਤਿਕਾਰ ਕਰਦੇ ਸਨ। ਸਾਰੇ ਧਰਮ ਦੇ ਲੋਕਾਂ ਨੂੰ ਬਾਦਲ ਸਾਬ੍ਹ ਆਪਣਾ ਸਮਝਦੇ ਸਨ। ਮਹਾਪੁਰਖਾਂ ਦਾ ਹੱਥ ਹਮੇਸ਼ਾ ਹੀ ਮੇਰੇ ਪਿਤਾ 'ਤੇ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬਾਦਲ ਸਾਬ੍ਹ ਨੇ ਹਮੇਸ਼ਾ ਮੈਨੂੰ ਇਕੋ ਗੱਲ ਸਿਖਾਈ ਹੈ ਕਿ ਕਿਸੇ ਨਾਲ ਵੀ ਗੁੱਸਾ ਨਹੀਂ ਕਰਨਾ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਸਮੁੱਚੇ ਖ਼ਾਲਸਾ ਪੰਥ ਤੇ ਸਾਰੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ ਜੇ ਕਦੇ ਜਾਣੇ-ਅਣਜਾਣੇ ਵਿੱਚ ਮੈਥੋਂ, ਸਾਡੇ ਪਰਿਵਾਰ ਜਾਂ ਬਜ਼ੁਰਗਾਂ ਤੋਂ ਕਿਤੇ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾ।
ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਮਰਹੂਮ ਬਾਦਲ ਨੇ ਹਮੇਸ਼ਾ ਰੁੱਸਿਆ ਨੂੰ ਮਨਾਇਆ। ਜਦੋਂ ਮੇਰੇ ਤੋਂ ਸਿਆਸੀ ਦੂਰੀ ਹੋ ਗਈ ਤਾਂ ਬਾਦਲ ਸਾਬ੍ਹ ਨੇ ਜੱਫੀ ਪਾ ਲਈ। ਉਹ ਹਮੇਸ਼ਾ ਪੰਜਾਬ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਚਚੇਰੇ ਭਰਾ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ-ਕਦਮਾਂ 'ਤੇ ਚੱਲਣ ਲਈ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਾਦਲ ਸਾਬ੍ਹ ਨੂੰ 20 ਸਾਲ ਹਕੁਮਤ ਕਰਨ ਦਾ ਮੌਕਾ ਦਿੱਤਾ ਅਤੇ ਇਨ੍ਹਾਂ 20 ਸਾਲਾਂ 'ਚ ਬਾਦਲ ਸਾਬ੍ਹ ਨੇ 120 ਸਾਲ ਦੇ ਕੰਮ ਕੀਤੇ। ਜਿਹੜੀ ਪੱਗੜੀ ਪੰਜਾਬ ਦੇ ਲੋਕਾਂ ਨੇ ਬਾਦਲ ਸਾਹਿਬ ਦੇ ਸਿਰ 'ਤੇ ਸਜਾਈ ਸੀ, ਬਾਦਲ ਸਾਹਿਬ ਨੇ ਆਪਣੇ ਖੂਨ-ਪਸੀਨੇ ਅਤੇ ਅਣਥੱਕ ਮਿਹਨਤ ਨਾਲ ਉਸ ਪੱਗੜੀ ਦੀ ਲਾਜ ਰੱਖੀ। ਅਖ਼ੀਰ ਮੌਕੇ ਉਨ੍ਹਾਂ ਨੇ ਸਭ ਨੂੰ ਖ਼ੁਸ਼ ਅਤੇ ਤੰਦਰੁਸਤ ਰੱਖਣ ਦੀ ਪਰਮਾਤਮਾ ਨੂੰ ਅਰਦਾਸ ਕੀਤੀ।
ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਪੁੱਜੇ। ਓਪੀ ਚੋਟਾਲਾ ਨੇ ਕਿਹਾ ਕਿ ਸਰਦਾਰ ਬਾਦਲ ਵਲੋਂ ਰੋਟੀ, ਕੱਪੜਾ ਅਤੇ ਮਕਾਨ ਤਿੰਨੋਂ ਲੋੜਾਂ ਪੂਰੀਆਂ ਕਰਨ ਲਈ ਉਪਰਾਲੇ ਕੀਤੇ ਗਏ। ਉਹ ਕਿਸਾਨਾਂ ਦੀ ਭਲਾਈ ਚਾਹੁੰਦੇ ਸਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਇਨਸਾਫ਼ ਲਈ ਜੇਲ੍ਹਾਂ ਕੱਟੀਆਂ। ਉਨ੍ਹਾਂ ਅਕਾਲੀ ਦਲ ਨੂੰ ਭਰੋਸਾ ਦਿਵਾਇਆ ਕਿ ਉਹ ਅੰਤ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।