ਪਟਿਆਲਾ : ਦਿਨ-ਦਿਹਾੜੇ PRTC ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕਤਲ
ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ (ਕਰੀਬ 55) ਵਾਸੀ ਸੁਨਾਮ ਊਧਮ ਸਿੰਘ ਵਾਲਾ ਵਜੋਂ ਹੋਈ ਹੈ।
ਪਟਿਆਲਾ : ਪਟਿਆਲਾ 'ਚ ਅੱਜ ਦਿਨ ਦਿਹਾੜੇ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਦਰਅਸਲ ਨਾਭਾ ਰੋਡ ’ਤੇ ਪੀਆਰਟੀਸੀ ਠੇਕੇਦਾਰ ਦਾ ਮੋਟਰਸਾਈਕਲ ਸਵਾਰ ਹਮਲਾਵਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ (ਕਰੀਬ 55) ਵਾਸੀ ਸੁਨਾਮ ਊਧਮ ਸਿੰਘ ਵਾਲਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਨੂੰ 2 ਗੋਲ਼ੀਆਂ ਉਸ ਦੇ ਸਿਰ 'ਤੇ, 2 ਪਿੱਠ ਤੇ ਇਕ ਵੱਖੀ 'ਚ ਲੱਗੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9.30 ਵਜੇ ਦੇ ਕਰੀਬ ਦੀ ਹੈ।
ਦਰਸ਼ਨ ਸਿੰਘ ਸਿੰਗਲਾ ਦੀ ਨਾਭਾ ਰੋਡ 'ਤੇ ਐੱਸ. ਐੱਸ. ਸਰਵਿਸ ਪ੍ਰੋਵਾਈਡਰ ਨਾਮ ਦੀ ਦੁਕਾਨ ਹੈ। ਜਦੋਂ ਦਰਸ਼ਨ ਸਿੰਘ ਵਰਨਾ ਗੱਡੀ 'ਤੇ ਸਵਾਰ ਹੋ ਕੇ ਦੁਕਾਨ 'ਤੇ ਆਏ ਤਾਂ ਉਕਤ ਹਮਲਾਵਰ ਨੇ ਮੌਕੇ ਦੇਖ ਕੇ ਗੋਲ਼ੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ
ਪੁਲਿਸ ਮੁਤਾਬਕ ਮੋਟਰਸਾਈਕਲ 'ਤੇ ਸਿਰਫ਼ ਇਕ ਵਿਅਕਤੀ ਹੀ ਸਵਾਰ ਸੀ ਤੇ ਦਰਸ਼ਨ ਸਿੰਘ ਨਾਲ ਕਾਰ 'ਚ ਹੋਰ ਵੀ ਵਿਅਕਤੀ ਸਵਾਰ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮ੍ਰਿਤਕ ਦਰਸ਼ਨ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 8 ਵਜੇ ਘਰੋਂ ਪਟਿਆਲਾ ਆਪਣੇ ਦਫ਼ਤਰ ਲਈ ਰਵਾਨਾ ਹੋਏ ਸਨ। ਜਿਸ ਤੋਂ ਬਾਅਦ ਸਾਢੇ 9 ਦੇ ਕਰੀਬ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਹਨ। ਸੂਚਨਾ ਮਿਲਦਿਆਂ ਹੀ ਜਦੋਂ ਪਰਿਵਾਰਕ ਮੈਂਬਰ ਪਟਿਆਲਾ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।