ਰਵਨੀਤ ਬਿੱਟੂ ਨੇ ਬਾਦਲਾਂ ਅਤੇ SGPC ਪ੍ਰਧਾਨ 'ਤੇ ਚੁੱਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਲੇ, ਹਰਜਿੰਦਰ ਧਾਮੀ ਜੇ ਅੱਜ ਬੰਦੀ ਸਿੰਘਾਂ ਦੀ ਜਗ੍ਹਾ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁੱਕਦੇ ਤਾਂ ਚੰਗਾ ਹੁੰਦਾ 

Ravneet Bittu

ਲੁਧਿਆਣਾ :  ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਅੱਜ ਲਾਈਵ ਹੋ ਕੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਵਾਲ ਚੁੱਕੇ।  ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਹੋਰ ਸਿੱਖ ਪਰਿਵਾਰ ਤਾਂ ਯਾਦ ਨਹੀਂ ਰਹਿੰਦੇ ਜਿਨ੍ਹਾਂ ਨਾਲ ਹੱਦ ਤੋਂ ਵੱਧ ਧੱਕਾ ਹੋਇਆ ਸੀ, ਜਿਵੇਂ ਕਿ ਰਣਜੋਧ ਸਿੰਘ, ਬਲਦੇਵ ਸਿੰਘ ਪੱਕਾ ਕਲਾਂ ਤੇ ਧਨਵੰਤ ਸਿੰਘ, ਅਜਾਇਬ ਸਿੰਘ ਆਦਿ।  

ਰਵਨੀਤ ਬਿੱਟੂ ਨੇ ਬੀਤੇ ਦਿਨੀਂ ਸੁਪਰੀਮ ਕੋਰਟ ਵੱਲੋਂ ਇਸ ਸਬੰਧ ਵਿੱਚ ਲਏ ਗਏ ਫ਼ੈਸਲੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਕੇਸ ਵਿੱਚ ਕਰੋੜਾਂ ਰੁਪਏ ਲਗਾ ਕੇ ਅਕਾਲੀ ਦਲ ਨੇ ਵਕੀਲ ਖੜ੍ਹੇ ਕੀਤੇ ਸਨ। ਰਵਨੀਤ ਬਿੱਟੂ ਨੇ ਕਈ ਗੁਰਸਿੱਖ ਪਰਿਵਾਰਾਂ ਦੇ ਨਾਮ ਗਿਣਾਏ ਜਿਨ੍ਹਾਂ ਦੇ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਤਲ ਕੀਤਾ ਗਿਆ ਸੀ ਜਾਂ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ। 

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਬਾਕੀ ਸਿੱਖ ਪਰਿਵਾਰਾਂ ਦਾ ਖਿਆਲ ਨਹੀਂ ਆਉਂਦਾ ਤੇ ਰਾਜੋਆਣਾ ਜੋ ਕਾਤਲ ਹੈ, ਉਸਦੀ ਰਿਹਾਈ ਦੀ ਲਗਾਤਾਰ ਮੰਗ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਬਲਵੰਤ ਰਾਜੋਆਣਾ ਨੂੰ ਜੇ ਰਿਹਾਈ ਦੀ ਲੋੜ ਹੈ ਤਾਂ ਉਹ ਆਪ ਕੋਰਟ ਵਿਚ ਰਿਹਾਈ ਦੀ ਮੰਗ ਕਰ ਸਕਦਾ ਹੈ, ਪਰ ਅਕਾਲੀ ਨੂੰ ਉਸ ਨੂੰ ਛੁਡਵਾਉਣ ਦੀ ਕੀ ਲੋੜ ਪਈ ਹੈ ਜੋ ਕਿ ਖੁਦ ਕਹਿੰਦਾ ਹੈ ਕਿ ਮੈਂ ਬਾਹਰ ਆ ਕੇ ਕਤਲ ਕਰਾਂਗਾ।

ਉਨ੍ਹਾਂ ਨੇ ਅਕਾਲੀ ਦਲ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਪਾਰਟੀ ਸਿਰਫ਼ ਕੁੱਝ ਪੈਸਿਆਂ ਤੇ ਅਖਬਾਰਾਂ ਵਿਚ ਤਸਵੀਰਾਂ ਛਪਵਾਉਣ ਲਈ ਹੀ ਕੰਮ ਕਰਦੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀ ਹੈ। ਉਨ੍ਹਾਂ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਵੈਸੇ ਤਾਂ ਉਹ ਕੇਂਦਰ ਸਰਕਾਰ 'ਤੇ ਸਵਾਲ ਚੁੱਕਦੇ ਹਨ ਕਿ ਉਹ ਸਿੱਖਾਂ ਨਾਲ ਧੱਕਾ ਕਰਦੀ ਹੈ, ਪਰ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਵਿਚ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਝੁਕ ਕੇ ਲੈ ਕੇ ਆਏ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਪ੍ਰਧਾਨ ਸਾਬ੍ਹ ਕਹਿੰਦੇ ਹਨ ਕਿ ਉਹਨਾਂ ਦੀ ਕੋਈ ਗੱਲ ਨਹੀਂ ਮੰਨਦਾ, ਪਰ ਮੈਂ ਕਹਿੰਦਾ ਹਾਂ ਕਿ ਕੋਈ ਗੱਲ ਮੰਨੇਗਾ ਵੀ ਕਿਉਂ, ਕਿਉਂਕਿ ਪ੍ਰਧਾਨ ਸਾਬ੍ਹ ਆਪ ਤਾਂ ਜੇਲ੍ਹ ਵਿਚੋਂ ਨਿਕਲੇ ਹੋਏ ਹਨ। ਉਹਨਾਂ ਨੇ ਕਿਹਾ ਕਿ ਜੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ SGPC ਦੀ ਸਹੀ ਨੁਮਾਇੰਦਗੀ ਕਰਦੇ ਹੁੰਦੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਹੀਂ ਕਰਦੇ

ਬਲਕਿ ਸਾਡੇ ਸਭ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਤੰਜ  ਕੱਸਦੇ ਹੋਏ ਕਿਹਾ ਕਿ ਧਾਮੀ ਸਾਬ੍ਹ ਨੇ ਬੇਅਦਬੀ ਦੀ ਗੱਲ ਇਸ ਕਰ ਕੇ ਨਹੀਂ ਕੀਤੀ, ਕਿਉਂਕਿ ਉਸ ਵਿਚ ਬਾਦਲ ਪਰਿਵਾਰ ਦਾ ਨਾਂ ਆਉਂਦਾ ਸੀ। ਤਾਂ ਹੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜੇ ਅੱਜ ਬੰਦੀ ਸਿੰਘਾਂ ਦੀ ਥਾਂ 'ਤੇ ਧਾਮੀ ਸਾਬ੍ਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੀ ਗੱਲ ਕਰਦੇ ਤਾਂ ਅੱਜ ਉਹਨਾਂ ਦੀ ਅਸ਼-ਅਸ਼ ਹੋਣੀ ਸੀ, ਪਰ ਉਹ ਤਾਂ ਜੇਬ੍ਹ 'ਚੋਂ ਨਿਕਲੇ ਹੋਏ ਹਨ।