ਪਟਿਆਲਾ 'ਚ ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਪੰਜਾਬ

ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ ਪੇਸ਼ ਕਰਨਾ, ਸਹੀ ਨਹੀਂ : ਜਾਖੜ

Sunil Kumar Jakhar

ਚੰਡੀਗੜ੍ਹ : 'ਕਿਸਾਨ ਦੀ ਮੌਤ ਅਫਸੋਸਨਾਕ, ਪਰ ਲੋਕ ਸਭਾ ਚੋਣਾਂ ਦੌਰਾਨ ‌ਸੁਖਾਵਾਂ ਮਾਹੌਲ ਬਣਾਈ ਰੱਖਣਾ ਕਿਸਾਨ ਜਥੇਬੰਦੀਆਂ, ਉਮੀਦਵਾਰਾਂ ਤੇ ਪੰਜਾਬ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਟਿਆਲਾ ਦੇ ਪਿੰਡ ਸਹਾਰਾ 'ਚ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਦੌਰਾਨ ਇੱਕ ਕਿਸਾਨ ਦੀ ਸਿਹਤ ਵਿਗੜਨ ਤੇ ਤੁਰੰਤ ਇਲਾਜ ਦੌਰਾਨ ਉਸ ਦੀ ਮੌਤ ਦੀ ਘਟਨਾ ਸਬੰਧੀ ਅਫਸੋਸ ਪ੍ਰਗਟ ਕਰਦੇ ਹੋਏ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ।

ਪ੍ਰਧਾਨ ਜਾਖੜ ਨੇ ਕਿਸਾਨ ਦੀ ਮੌਤ ਉਪਰੰਤ ਭਾਰਤੀ ਜਨਤਾ ਪਾਰਟੀ ਸਮੇਤ ਪੂਰੇ ਪੰਜਾਬ ਦੀ ਅਰਦਾਸ ਹੈ ਕਿ ਵਿੱਛੜੀ ਆਤਮਾ ਦਾ ਵਾਹਿਗੁਰੂ ਦੇ ਚਰਨਾਂ ਚ ਨਿਵਾਸ ਹੋਵੇ ਤੇ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਮਿਲੇ।

ਪ੍ਰਧਾਨ ਜਾਖੜ ਨੇ ਕਿਹਾ ਕਿ ਵੇਖਣ ਚ ਆਇਆ ਹੈ ਕਿ ਸਿਆਸਤ ਕਰਨ ਖਾਤਰ ਇਸ ਘਟਨਾ ਨੂੰ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਧੱਕਾ ਮਾਰੇ ਜਾਣ ਕਾਰਨ ਹੋਈ ਪ੍ਰਚਾਰਿਆ ਗਿਆ, ਪਰ ਬਾਅਦ ਚ ਸਾਹਮਣੇ ਆਈ ਇੱਕ ਵੀਡੀਓ ਨੇ ਸਥਿਤੀ ਸਪੱਸ਼ਟ ਕੀਤੀ ਕਿ ਕਿਵੇਂ ਧੁੱਪ ਤੇ ਗਰਮੀ ਕਾਰਨ ਕਿਸਾਨ ਸੜਕ ਉੱਤੇ ਡਿੱਗ ਪਿਆ, ਮੌਕੇ ਉਨ੍ਹਾਂ ਕਿਸਾਨਾਂ ਨੇ ਉਸ ਨੂੰ ਸੰਭਾਲਿਆ ਤੇ ਬਾਅਦ ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪ੍ਰਧਾਨ ਜਾਖੜ ਨੇ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਵਿਰੋਧ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਲੋਕਤੰਤਰਿਕ ਹੱਕ ਹੈ, ਪਰ ਉਹ ਇਸ ਹੱਕ ਦੀ ਸੰਜਮ ਨਾਲ ਵਰਤੋਂ ਕਰਨ ਤੇ ਕਿਸਾਨ ਵਰਕਰਾਂ ਦੀ ਸਿਹਤ ਦਾ ਵੀ ਖਿਆਲ ਰੱਖਣ, ਤਾਂ ਕਿ ਭਵਿੱਖ ਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ।

ਜਾਖੜ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਉਮੀਦਵਾਰਾਂ, ਸਰਕਾਰ ਜਾਂ ਜਥੇਬੰਦੀਆਂ ਭਾਵ ਸਾਰਿਆਂ ਦੀ ਹੈ, ਜਿਸ ਨੂੰ ਸਾਰੇ ਨਿਭਾਉਣ, ਤਾਂ ਕਿ ਮਾਹੌਲ ਸੁਖਾਵਾਂ ਰਹਿ ਸਕੇ। 

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਉਮੀਦ ਪ੍ਰਗਟਾਈ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਵਿਰੋਧ ਕਰਨ ਦੇ ਲੋਕਤਾਂਤਰਿਕ ਹੱਕ ਦੀ ਸੰਜਮ ਨਾਲ ਵਰਤੋਂ ਕਰਨਗੇ ਤੇ ਚੋਣਾਂ ਦੌਰਾਨ ਉਮੀਦਵਾਰਾਂ ਦੇ ਪ੍ਰਚਾਰ ਕਰਨ ਦੇ ਸੰਵਿਧਾਨਿਕ ਹੱਕ ਨੂੰ ਵੀ ਬਰਕਰਾਰ ਰੱਖਣਗੇ, ਤਾਂ ਕਿ ਭਵਿੱਖ ਚ ਕਿਸੇ ਮੰਦਭਾਗੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।