ਕਿਸਾਨ ਜਥੇਬੰਦੀਆਂ ਦੀ ਹੜਤਾਲ ਛੋਟੇ ਕਿਸਾਨਾਂ ਨੂੰ ਪੈ ਰਹੀ ਹੈ ਮਹਿੰਗੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਵਲੋਂ ਕੀਤੀ ਗਈ ਹੜਤਾਲ ਦਾ ਅੱਜ ਚੌਥਾ ਦਿਨ ਹੈ।

farmer protest

ਕਿਸਾਨਾਂ ਵਲੋਂ ਕੀਤੀ ਗਈ ਹੜਤਾਲ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਦੇ ਬੰਦ ਦਾ ਅਸਰ ਭਾਵੇਂ ਸ਼ਹਿਰਾਂ ਵਿਚ ਸਬਜ਼ੀਆਂ ਆਦਿ ਦੀ ਮਹਿੰਗਾਈ ਦੇ ਰੂਪ ਵਿਚ ਦਿਸਣਾ ਸ਼ੁਰੁ ਹੋ ਗਿਆ ਹੈ, ਪਰ ਬੰਦ ਦੌਰਾਨ ਕੁੱਝ ਅਜਿਹੇ ਪੱਖ ਵੀ ਸਾਹਮਣੇ ਆ ਰਹੇ ਹਨ ਜੋ ਇਕ ਤਰ੍ਹਾਂ ਨਾਲ ਕਿਸਾਨੀ ਅੰਦੋਨਲ ਨੂੰ ਕਮਜ਼ੋਰ ਕਰਨ ਵਾਲੇ ਹਨ। ਉਹ ਪੱਖ ਇਹ ਹਨ ਕਿ ਇਸ ਬੰਦ ਨਾਲ ਗ਼ਰੀਬ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਕਈ ਛੋਟੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਜ਼ਬਰਦਸਤੀ ਮਹਿੰਗੀ ਪੈਂਦੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਜ਼ਬਰੀ ਦੁੱਧ ਅਤੇ ਸਬਜ਼ੀਆਂ ਖੋਹ ਕੇ ਸੜਕਾਂ 'ਤੇ ਖਿਲਾਰੀਆਂ ਜਾ ਰਹੀਆਂ ਹਨ।

ਜ਼ਾਹਿਰ ਹੈ ਕਿ ਜਦੋਂ ਕਿਸੇ ਅਜਿਹੇ ਗਰ਼ੀਬ ਵਿਅਕਤੀ ਦੀ ਸਬਜ਼ੀ ਸੜਕਾਂ 'ਤੇ ਖਿਲਾਰੀ ਜਾਵੇਗੀ, ਜੋ ਅਪਣੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦਾ ਹੋਵੇ ਤਾਂ ਕੀ ਹੋਵੇਗਾ। ਅਜਿਹਾ ਹੀ ਇਕ ਵਾਕਿਆ ਸਾਹਮਣੇ ਆਇਆ ਹੈ, ਜਿਸ 'ਚ ਕਿਸਾਨ ਜਥੇਬੰਦੀਆਂ ਨੇ ਇਕ ਗਰੀਬ ਸਿੱਖ ਕਿਸਾਨ ਦੀ ਸਬਜ਼ੀ ਖੋਹ ਕੇ ਸੜਕ 'ਤੇ ਖਿਲਾਰ ਦਿਤੀ, ਜਿਸ ਤੋਂ ਗੁੱਸੇ 'ਚ ਆਏ ਕਿਸਾਨ ਸਬਜ਼ੀ ਖਿਲਾਰਨ ਵਾਲੀ ਨੂੰ ਵੰਗਾਰਿਆ ਕਿ ਹਿੰਮਤ ਹੈ ਆਓ ਸਾਹਮਣੇ। ਇਥੋਂ ਤੱਕ ਕਿਸਾਨ ਨੇ ਚੈਲੰਜ ਕਰਦੇ ਹੋਏ ਇਹ ਵੀ ਕਿਹਾ ਕਿ ਜੇ ਉਸ ਕੋਲ ਕਿਰਪਾਨ ਹੁੰਦੀ ਤਾਂ ਉਸਨੇ ਕਿਸੇ ਨਾ ਕਿਸੇ ਸਬਜ਼ੀ ਖਰੀਦਣ ਵਾਲੇ ਦਾ ਗਾਟਾ ਲਾ ਦੇਣਾ ਸੀ। 

ਭਾਵੇਂ ਕਿ ਕਿਸਾਨਾਂ ਵਲੋਂ ਸ਼ਹਿਰਾਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕੀਤੀ ਗਈ ਹੈ ਤਾਂ ਜੋ ਅਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ ਪਰ ਇਸ ਦੀ ਵੱਡੀ ਮਾਰ ਖ਼ੁਦ ਗਰੀਬ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ, ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮਸਾਂ ਚਲਦਾ ਹੈ। ਸੋ ਕਿਸਾਨਾਂ ਦਾ ਸੰਘਰਸ਼ ਉਦੋਂ ਤਕ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦਾ ਜਦੋਂ ਤਕ ਸਾਰੇ ਕਿਸਾਨ ਇਸ ਸੰਘਰਸ਼ ਵਿਚ ਸ਼ਾਮਲ ਨਾ ਹੋਣ।