ਨੌਜਵਾਨ ਨੇ ਅਧਿਆਪਕਾ ਨਾਲ ਵਿਆਹ ਕਰਾ ਕੇ ਕੀਤਾ ਇਹ ਕਾਰਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਵਿਚ ਇਕ ਪਤੀ ਨੇ ਦਿਨ ਦਿਹਾੜੇ ਅਪਣੀ ਹੀ ਪਤਨੀ ਦੇ ਘਰ ਵਿਚ ਚੋਰੀ ਕਰ ਲਈ

Robbery

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਇਕ ਪਤੀ ਨੇ ਦਿਨ ਦਿਹਾੜੇ ਅਪਣੀ ਹੀ ਪਤਨੀ ਦੇ ਘਰ ਵਿਚ ਚੋਰੀ ਕਰ ਲਈ ਅਤੇ ਉਹ ਕੁਝ ਕੀਮਤੀ ਸਮਾਨ ਅਤੇ ਗਹਿਣਿਆਂ ਦੇ ਨਾਲ ਕੋਰਟ ਵਿਚ ਚੱਲ ਰਹੇ ਕੇਸ ਦੇ ਦਸਤਾਵੇਜ਼ ਵੀ ਲੈ ਕੇ ਫਰਾਰ ਹੋ ਗਿਆ। ਇਸ ਕੰਮ ਵਿਚ ਉਸ ਨਾਲ ਚਾਰ ਲੋਕ ਹੋਰ ਸਨ। ਪੀੜਤ ਨੀਰੂ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਮਾਰਚ 2011 ਨੂੰ ਉਸਦਾ ਵਿਆਹ ਸਾਹਿਲ ਨਾਂਅ ਦੇ ਵਿਅਕਤੀ ਨਾਲ ਹੋਇਆ ਸੀ। ਉਸ ਸਮੇਂ ਸਾਹਿਲ ਨੀਰੂ ਦਾ ਵਿਦਿਆਰਥੀ ਸੀ।

ਵਿਦਿਆਰਥੀ ਰਹਿੰਦਿਆਂ ਹੀ ਸਾਹਿਲ ਨੇ ਨੀਰੂ ਨੂੰ ਉਸ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਾ ਲਿਆ ਸੀ। ਵਿਆਹ ਤੋਂ ਬਾਅਦ ਨੀਰੂ ਨੇ ਇਕ ਬੱਚੀ ਨੂੰ ਵੀ ਜਨਮ ਦਿੱਤਾ ਸੀ। ਇਸ ਬੱਚੀ ਨੂੰ ਲੈ ਕੇ ਅਕਸਰ ਸਾਹਿਲ ਅਤੇ ਨੀਰੂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ,ਜਿਸ ਤੋਂ ਬਾਅਦ ਇਹ ਮਾਮਲਾ ਕੋਰਟ ਵਿਚ ਚਲਾ ਗਿਆ। ਇਸ ਦੇ ਚਲਦਿਆਂ ਸਾਹਿਲ ਨੇ ਕਈ ਵਾਰ ਨੀਰੂ ਨੂੰ ਕੁੱਟਿਆ ਵੀ ਸੀ।

ਘਰ ਵਿਚ ਕੰਮ ਕਰਨ ਵਾਲੀ ਔਰਤ ਪਿੰਕੀ ਨੇ ਦੱਸਿਆ ਕਿ ਜਦੋਂ ਉਹ ਘਰ ਵਿਚ ਕੰਮ ਕਰ ਰਹੀ ਸੀ ਤਾਂ ਕੁਝ ਲੋਕਾਂ ਨੇ ਆ ਕੇ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ  ਉਹ ਘਰ ਵਿਚ ਚੋਰੀ ਕਰਕੇ ਚਲੇ ਗਏ। ਘਰ ਵਿਚ ਚੋਰੀ ਹੋਣ ਤੋਂ ਬਾਅਦ ਨੀਰੂ ਨੇ ਪੁਲਿਸ ਕੋਲ ਸਾਹਿਲ ਦੀ ਸ਼ਿਕਾਇਤ ਕੀਤੀ। ਅੰਮ੍ਰਿਤਸਰ ਦੇ ਮਜੀਠੀਆ ਰੋਡ ਚੌਂਕੀ ਦੇ ਇੰਚਾਰਜ ਸੁਖਪਾਲ ਸਿੰਘ ਨੇ ਕਿਹਾ ਉਹ 11 ਮਾਮਲਿਆਂ ਦੀ ਜਾਂਚ ਕਰ ਰਹੇ ਹਨ ਅਤੇ ਉਹ ਬਣਦੀ ਕਾਰਵਾਈ ਕਰਨਗੇ।