ਪੰਜਾਬ ’ਚ ਕੋਰੋਨਾ ਨਾਲ ਹੋਈ 47ਵੀਂ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੇਜ਼ੀ ਫੜ ਰਿਹਾ ਹੈ।

Corona Virus

ਚੰਡੀਗੜ੍ਹ, 3 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੇਜ਼ੀ ਫੜ ਰਿਹਾ ਹੈ। ਅੱਜ ਸੂਬੇ ਵਿਚ ਕੋਰੋਨਾ ਨੇ ਇਕ ਹੋਰ ਜਾਨ ਲੈ ਲਈ ਹੈ। ਜਲੰਧਰ ’ਚ ਪਾਜ਼ੇਟਿਵ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਨਾਲ ਕੁੱਲ 47 ਮੌਤਾਂ ਹੋ ਚੁੱਕੀਆਂ ਹਨ। ਅੱਜ ਸ਼ਾਮ ਤਕ 24 ਘੰਟਿਆਂ ਦੌਰਾਨ 40 ਨਵੇਂ ਹੋਰ ਪਾਜ਼ੇਟਿਵ ਮਾਮਲੇ ਵੀ ਆਏ ਹਨ। ਇਸ ਤਰ੍ਹਾਂ ਸੂਬੇ ਵਿਚ ਕੁੱਲ ਕੋਰੋਨਾ ਪਾਜ਼ੇਟਿਵ ਪੀੜਤਾਂ ਦਾ ਅੰਕੜਾ 2382 ਤਕ ਪਹੁੰਚ ਗਿਆ ਹੈ। ਅੱਜ 12 ਹੋਰ ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 2029 ਤਕ ਪਹੁੰਚ ਗਈ ਹੈ।

ਇਸ ਸਮੇਂ 300 ਕੋਰੋਨਾ ਪੀੜਤ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਅੱਜ ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਪਟਿਆਲਾ, ਮੋਹਾਲੀ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ ਤੋਂ ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਸੱਭ ਤੋਂ ਵੱਧ ਪਾਜ਼ੇਟਿਵ ਕੇਸਾਂ ਦਾ ਅੰਕੜਾ ਜ਼ਿਲ੍ਹਾ ਅੰਮ੍ਰਿਤਸਰ ਦਾ 390 ਕੇਸਾਂ ਦਾ ਹੈ। ਇਨ੍ਹਾਂ ਵਿਚੋਂ 313 ਠੀਕ ਹੋਏ ਹਨ ਅਤੇ 70 ਇਲਾਜ ਅਧੀਨ ਹਨ। ਇਸ ਤੋਂ ਬਾਅਦ ਜਲੰਧਰ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦਾ ਕੁੱਲ ਅੰਕੜਾ 258 ਹੈ, ਜਿਸ ’ਚੋਂ 209 ਠੀਕ ਹੋਏ ਅਤੇ 41 ਇਲਜ ਅਧੀਨ ਹਨ। ਲੁਧਿਆਣਾ ਵਿਚ ਕੁੱਲ 200 ਪਾਜ਼ੇਟਿਵ ਕੇਸਾਂ ਵਿਚੋਂ 151 ਠੀਕ ਹੋਏ ਹਨ ਅਤੇ 40 ਇਲਾਜ ਅਧੀਨ ਹਨ। ਇਸ ਜ਼ਿਲ੍ਹੇ ’ਚ ਮੌਤਾਂ ਦੀ ਗਿਣਤੀ ਸੱਭ ਤੋਂ ਵੱਧ 9 ਹੈ। ਜਲੰਧਰ 8 ਅਤੇ ਅੰਮ੍ਰਿਤਸਰ ਜ਼ਿਲ੍ਹੇ ’ਚ 7 ਮੌਤਾਂ ਹੋਈਆਂ ਹਨ।
 

ਬਨੂੜ ਵਿਚ ਦੋ ਕੋਰੋਨਾ ਪਾਜ਼ੇਟਿਵ ਮਿਲੇ
ਬਨੂੜ, 3 ਜੂਨ (ਅਵਤਾਰ ਸਿੰਘ) : ਬਨੂੜ ਦੇ ਪਿੰਡ ਸਲੇਮਪੁਰ ਨੱਗਲ ਵਿਚ ਦੋ ਜਣੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਇਕ ਪਾਜ਼ੇਟਿਵ ਪਿੰਡ ਸਲੇਮਪੁਰ ਨੱਗਲ ਦਾ 48 ਸਾਲਾ ਦਿਨੇਸ਼ ਕੁਮਾਰ ਉੱਤਰ ਪ੍ਰਦੇਸ਼ ਦਾ ਮੂਲ ਵਾਸੀ ਹੈ, ਜੋ ਪਤਨੀ ਤੇ ਦੋ ਬੱਚਿਆਂ ਸਮੇਤ ਲੰਮੇ ਸਮੇਂ ਤੋਂ ਉਕਤ ਪਿੰਡ ਵਿੱਚ ਕਿਰਾਏ ਉੱਤੇ ਰਹਿੰਦਾ ਹੈ। ਉਹ ਇਕੱਲਾ ਹੀ ਲਾਕਡਾਊਨ ਤੋਂ ਪਹਿਲਾਂ ਯੂਪੀ ਗਿਆ ਸੀ ਤੇ 26 ਮਈ ਨੂੰ ਵਾਪਸ ਪਰਤਿਆ ਸੀ, ਭਾਂਵੇ ਸਰਪੰਚ ਰਿਸ਼ੀਪਾਲ ਦੀ ਸੁਚਨਾਂ ਤੇ ਉਸ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਗਿਆ ਸੀ, ਪਰ 1 ਜੂਨ ਨੂੰ ਲਏ ਸੈਂਪਲ ਤੇ ਅੱਜ ਆਈ ਉਸ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ।

ਉਹ ਖੁਦ ਲਾਲੜੂ ਕਿਸੇ ਫ਼ੈਕਟਰੀ ਵਿਚ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਮਜਦੂਰੀ ਕਰਦੀ ਹੈ। ਉਸ ਦੇ ਦੋਵੇਂ ਬੱਚੇ ਵੀ 15-20 ਸਾਲਾ ਦੇ ਵਿਚਕਾਰ ਹਨ। ਦੂਜਾ ਪਾਜ਼ੇਟਿਵ ਮਰੀਜ਼ ਜਸਵਿੰਦਰ ਸਿੰਘ ਦੀ ਪਤਨੀ 28 ਸਾਲਾ ਸੁਮਨ ਦੇਵੀ ਹੈ। ਜੋ ਗਰਭਵਤੀ ਹੈ। ਉਸ ਦੀ ਸਿਵਲ ਹਸਪਤਾਲ ਵਿਖੇ ਇਲਾਜ ਚਲ ਰਿਹਾ ਹੈ। ਉਸ ਦਾ ਰੂਟੀਨ ਵਿਚ ਕੋਰੋਨਾ ਟੈਸਟ ਲਿਆ ਸੀ, ਜਿਸ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ। ਜਦਕਿ ਉਸ ਦੇ ਬਾਹਰ ਆਉਣ-ਜਾਣ ਦੀ ਕੋਈ ਹਿਸਟਰੀ ਨਹੀ। ਕੋਰੋਨਾ ਪਾਜ਼ੇਟਿਵ ਰੀਪੋਰਟ ਆਉਣ ’ਤੇ  ਅਹਿਤਿਆਤ ਵਜੋਂ ਪਿੰਡ ਨੂੰ ਸੀਲ ਕਰ ਦਿਤਾ ਗਿਆ। 

ਮੁਹਾਲੀ ’ਚ ਕੋਰੋਨਾ ਦੇ 7 ਨਵੇਂ ਮਰੀਜ਼ਾਂ ਦੀ ਪੁਸ਼ਟੀ
ਐਸ.ਏ.ਐਸ. ਨਗਰ/ਜ਼ੀਰਕਪੁਰ, 3 ਜੂਨ (ਸੁਖਦੀਪ ਸਿੰਘ ਸੋਈਂ/ਅਭੀਜੀਤ/ਰਮਨ ਜੁਨੇਜਾ) : ਜ਼ਿਲ੍ਹਾ ਐਸ.ਏ.ਐਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਅੱਜ ਬਲਟਾਣਾ ਮਾਡਰਨ ਇਨਕਲੇਵ ਦੀ ਇਕ ਮਹਿਲਾ (50) ਅਤੇ ਉਸ ਦਾ 26 ਸਾਲਾ ਪੁੱਤਰ ਦੀ ਰੀਪੋਰਟ ਪਾਜ਼ੇਟਿਵ ਆਈ ਹੈ ਜਦਕਿ ਇਕ ਢਕੋਲੀ ਹੈਲਥ ਸੈਂਟਰ ਦੇ ਦਰਜਾ ਚਾਰ ਕਰਮਚਾਰੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।

ਇਸ ਤੋਂ ਇਲਾਵਾ ਇਕ ਲਾਲੜੂ ਵਾਸੀ ਅਤੇ ਇਕ ਪਿੰਡ ਨੱਗਲ ਨੇੜੇ ਛੱਤ ਵਾਸੀ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਦੋ ਵਿਅਕਤੀ ਡੇਰਾਬੱਸੀ ਤੋਂ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਮੁਹਾਲੀ ਅੰਦਰ ਹੁਣ ਤਕ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 123 ਹੋ ਚੁੱਕੀ ਹੈ ਜਦਕਿ 103 ਮਰੀਜ਼ ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ ਅਤੇ ਤਿੰਨ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਅੰਦਰ ਐਕਟਿਵ ਮਾਮਲਿਆਂ ਦੀ ਗਿਣਤੀ 17 ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਬਨੂੜ ਵਿਚਲੇ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿਤਾ ਗਿਆ ਹੈ।

ਪਟਿਆਲਾ ’ਚ 7 ਸਾਲਾ ਇਕ ਬੱਚੀ ਸਣੇ ਦੋ ਦੀ ਰੀਪੋਰਟ ਆਈ ਪਾਜ਼ੇਟਿਵ
ਪਟਿਆਲਾ, 3 ਜੂਨ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹੇ ਵਿਚ ਦੋ ਹੋਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ ਸੈਂਪਲਾ ਵਿਚੋਂ ਦੇਰ ਰਾਤ 12 ਸੈਂਪਲਾਂ ਦੀ ਪ੍ਰਾਪਤ ਹੋਈ ਰੀਪੋਰਟ ਵਿਚ 10 ਸੈਂਪਲ ਨੈਗੇਟਿਵ ਅਤੇ 2 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਪਾਜ਼ੇਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ  ਦਸਿਆ ਕਿ ਪਿੰਡ ਅਰਨੋ ਤਹਿਸੀਲ ਪਾਤੜਾਂ ਦੀ ਰਹਿਣ ਵਾਲੀ 7 ਸਾਲਾ ਲੜਕੀ ਜੋ ਕਿ 28 ਮਈ ਨੂੰ ਮੁੰਬਈ ਤੋਂ ਪਰਵਾਰ ਸਮੇਤ ਵਾਪਸ ਪਿੰਡ ਆਈ ਸੀ,

ਦਾ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜਿਸ ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਦੁਸਰਾ ਪੋਜਟਿਵ ਵਿਅਕਤੀ ਪਿੰਡ ਬਾਹਮਣਾ ਪੱਤੀ, ਸਮਾਣਾ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਹੈ, ਜੋ ਕਿ ਰਾਈਸ ਸ਼ੈਲਰ ਵਿਚ ਟੱਰਕ ਡਰਾਈਵਰ ਹੈ ਅਤੇ ਉਹ ਓਟ ਕਲੀਨਿਕ ਆਪਣੀ ਦਵਾਈ ਲੈਣ ਆਇਆ ਸੀ ਅਤੇ ਗਾਈਡ ਲਾਈਨਜ ਅਨੁਸਾਰ ਉਸ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜੋ ਕਿ ਕੋਵਿਡ ਪੋਜਟਿਵ ਆਇਆ ਹੈ। ਉਨ੍ਹਾਂ ਦਸਿਆਂ ਕਿ ਪੋਜਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿਤਾ ਗਿਆ ਹੈ।

ਲੁਧਿਆਣਾ : ਤਿੰਨ ਕੋਰੋਨਾ ਪਾਜ਼ੇਟਿਵ
ਲੁਧਿਆਣਾ/ਜਲੰਧਰ, 3 ਜੂਨ (ਅਜੀਤ ਸਿੰਘ ਅਖਾੜਾ/ਬਰਜਿੰਦਰ ਸਿੰਘ ਬਰਾੜ/ਸ਼ਰਮਾ/ਲੱਕੀ) : ਲੁਧਿਆਣਾ ਵਿਚ ਕੋਰੋਨਾ ਤੋਂ ਪੀੜਤ ਵਿਅਕਤੀਆਂ ਦੇ 3 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿੱਚ ਸਥਾਨਕ ਮਿਲਰਗੰਜ ਇਲਾਕੇ ਦੀ 27 ਸਾਲਾ ਲੜਕੀ, ਜੋ ਕਿ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਸੀ, 52 ਸਾਲਾ ਵਿਅਕਤੀ ਜੋ ਈਸ਼ਰ ਨਗਰ ਦਾ ਰਹਿਣ ਵਾਲਾ ਅਤੇ ਸਥਾਨਕ ਡੀ. ਐੱਮ. ਸੀ. ਹਸਪਤਾਲ ਵਿਖੇ ਦਾਖਲ ਸੀ, ਸ਼ਾਮਿਲ ਸਨ।

ਇਸ ਤੋਂ ਇਲਾਵਾ ਟੈਗੋਰ ਨਗਰ ਜਲੰਧਰ ਦਾ ਰਹਿਣ ਵਾਲਾ 64 ਸਾਲਾ ਵਿਅਕਤੀ ਸਥਾਨਕ ਡੀ. ਐੱਮ. ਸੀ. ਹਸਪਤਾਲ ਵਿਖੇ ਕਿਸੇ ਹੋਰ ਬਿਮਾਰੀ ਤੋਂ ਜੇਰੇ ਇਲਾਜ ਸੀ। ਇਹ ਮਰੀਜ਼ ਸ਼ੂਗਰ ਅਤੇ ਅਸਥਮਾ ਦੀ ਸਮੱਸਿਆ ਨਾਲ ਅੱਜ ਅਕਾਲ ਚਲਾਣਾ ਕਰ ਗਿਆ। ਕੋਰੋਨਾ ਵਾਇਰਸ ਕਾਰਨ ਜਲੰਧਰ ਵਿਚ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਜਲੰਧਰ ਦੇ ਟੈਗੋਰ ਨਗਰ ਵਿਖੇ ਰਹਿਣ ਵਾਲੇ 64 ਸਾਲਾ ਵਿਅਕਤੀ ਦੀ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਮੌਤ ਹੋ ਗਈ। ਪਹਿਲਾਂ ਉਹ ਜਲੰਧਰ ਦੇ ਐਸਜੀਐਲ ਹਸਪਤਾਲ ਵਿਚ ਦਾਖ਼ਲ ਹੋਇਆ ਸੀ।
 

ਪਠਾਨਕੋਟ : 7 ਦੀ ਰੀਪੋਰਟ ਪਾਜ਼ੇਟਿਵ
ਪਠਾਨਕੋਟ, 3 ਜੂਨ (ਤੇਜਿੰਦਰ ਸਿੰਘ) : ਜ਼ਿ²ਲ੍ਹਾ ਪਠਾਨਕੋਟ ਵਿਚ ਅੱਜ ਬੁਧਵਾਰ ਨੂੰ 7 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰੀਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿਚੋਂ 4 ਲੋਕ ਪਿਛਲੇ ਦਿਨਾਂ ਦੌਰਾਨ ਮੀਰਪੁਰ ਕਾਲੋਨੀ ਨਿਵਾਸੀ ਜੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਇਆ ਸੀ ਉਸ ਦੇ ਸੰਪਰਕ ਲੋਕਾਂ ਵਿਚੋਂ ਹਨ, ਦੋ ਵਿਅਕਤੀ ਜੋ ਏਅਰਪੋਰਟ ’ਤੇ ਪਹੁੰਚੇ ਸਨ ਅਤੇ ਸਿਹਤ ਵਿਭਾਗ ਵਲੋਂ ਇਨ੍ਹਾਂ ਦੀ ਸੈਂਪਲਿਗ ਕੀਤੀ ਗਈ ਸੀ ਉਹ ਦੋਵੇਂ ਵਿਅਕਤੀ ਕੋਰੋਨਾ ਪਾਜ਼ੇਟਿਵ ਹਨ ਅਤੇ ਇਕ ਸੈਂਪਲ ਸਿਟੀ ਵਿਚ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਲੋਂ ਭੇਜਿਆ ਗਿਆ ਸੀ ਉਹ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿਤੀ।

ਨਵਾਂਸ਼ਹਿਰ ’ਚ ਮੁੜ ਕੋਰੋਨਾ ਦੇ ਦੋ ਮਰੀਜ਼ ਆਏ
ਨਵਾਂਸ਼ਹਿਰ, 3 ਜੂਨ (ਅਮਰੀਕ ਸਿੰਘ) : ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਦੇ 2 ਨਵੇਂ ਮਰੀਜ਼ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ ਅਤੇ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 113 ਤਕ ਪਹੁੰਚ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦਸਿਆ ਕਿ ਪਿੰਡ ਚੰਦਿਆਣੀ ਖੁਰਦ ਨਾਲ ਸਬੰਧਤ 34 ਸਾਲਾਂ ਵਿਅਕਤੀ ਇਕ ਹਫ਼ਤਾ ਪਹਿਲਾਂ ਕੁਵੈਤ ਤੋਂ ਪਰਤਿਆ ਸੀ, ਜਿਸ ਨੂੰ ਅਹਿਤਿਆਤ ਵਜੋਂ ਰਿਆਤ ਕਾਲਜ ਰੈਲ ਮਾਜਰਾ ਦੇ ਇਕਾਂਤਵਾਸ ’ਚ ਰਖਿਆ ਗਿਆ ਸੀ। ਸੋਮਵਾਰ ਨੂੰ ਉਕਤ ਵਿਅਕਤੀ ਦਾ ਕੋਰੋਨਾ ਜਾਂਚ ਲਈ ਨੂਮਨਾ ਲਿਆ ਸੀ, ਜੋ ਕਿ ਪਾਜ਼ੇਟਿਵ ਆਇਆ।

ਮੁਕਤਸਰ ’ਚ ਦੋ ਦੀ ਰੀਪੋਰਟ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ/ਕਸ਼ਮੀਰ ਸਿੰਘ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨੇ ਮੁੜ ਦਸਤਕ ਦੇ ਦਿਤੀ ਹੈ, ਕਿਉਂਕਿ ਮਲੋਟ ’ਚ ਦੋ ਲੋਕਾਂ ਦੀਆਂ ਰੀਪੋਰਟਾਂ ਪਾਜ਼ੇਟਿਵ ਆਈਆਂ ਹਨ। ਮਲੋਟ ਦੇ ਫਾਟਕ ਪਾਰ ਇਲਾਕੇ ’ਚ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਇਹ ਨੌਜਵਾਨ ਕੁੱਝ ਦਿਨ ਪਹਿਲਾਂ ਹੀ ਕਿਸੇ ਦੂਜੇ ਸੂਬੇ ਤੋਂ ਆਇਆ ਸੀ। ਉਥੇ ਹੀ ਮਲੋਟ ਦੇ ਲਾਗਲੇ ਪਿੰਡ ਤਰਮਾਲਾ ਦੀ ਇਕ ਲੜਕੀ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ। ਦੱਸ ਦਈਏ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਪਹਿਲਾਂ ਮਿਲੇ ਕੋਰੋਨਾ ਦੇ 67 ਮਰੀਜ਼ ਠੀਕ ਹੋ ਕੇ ਵਾਪਸ ਅਪਣੇ ਘਰਾਂ ਨੂੰ ਪਰਤ ਚੁੱਕੇ ਸਨ।

ਬਠਿੰਡਾ : ਐਨਆਰਆਈ ਕੋਰੋਨਾ ਪਾਜ਼ੇਟਿਵ
ਬਠਿੰਡਾ/ਦਿਹਾਤੀ, 3 ਜੂਨ (ਮਾਨ/ਸਿੰਗਲਾ) : ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਿਸ ਤਹਿਤ ਹੀ ਜਿਲ੍ਹੇਂ ਅੰਦਰ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਇਕ ਮਾਮਲਾ ਪਿੰਡ ਗਿੱਲ ਪੱਤੀ ਵਿਚ ਆਇਆ ਹੈ ਜਿਥੋਂ ਦੇ ਇਕ ਵਿਦੇਸ਼ ਤੋਂ ਆਏ ਵਿਅਕਤੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਦਕਿ ਦੂਜਾ ਵਿਅਕਤੀ ਦਿੱਲੀ ਤੋਂ ਪਰਤਿਆ ਸੀ ਅਤੇ ਘਰ ਵਿਚ ਇਕਾਂਤਵਾਸ ਕੀਤਾ ਹੋਇਆ ਸੀ। 
 

ਸਮਾਣਾ : ਕੋਰੋਨਾ ਦਾ ਪਹਿਲਾ ਮਾਮਲਾ
ਸਮਾਣਾ, 3 ਜੂਨ (ਪਪ) : ਬੁਧਵਾਰ ਦੀ ਸਵੇਰ ਸਮਾਣਾ ’ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦਾ ਪੂਰੇ ਹਲਕੇ ਵਿਚ ਕੋਈ ਮਰੀਜ਼ ਨਹੀਂ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਮਾਣਾ ਵਾਸੀ ਪੀੜਤ ਵਿਅਕਤੀ ਦਿੱਲੀ ਤੋਂ ਇਥੇ ਆਇਆ ਸੀ। ਉਸ ਦਾ ਸਿਹਤ ਵਿਭਾਗ ਵਲੋਂ ਕੋਰੋਨਾ ਟੈਸਟ ਲਈ ਨਮੂਨਾ ਲਿਆ ਗਿਆ ਸੀ, ਜਿਸ ਦੀ ਰੀਪੋਰਟ ਅੱਜ ਪਾਜ਼ੇਟਿਵ ਆਈ ਹੈ। ਰੀਪੋਰਟ ਆਉਣ ’ਤੇ ਹੀ ਸਿਹਤ ਵਿਭਾਗ ਦੀ ਟੀਮ ਪੀੜਤ ਦੇ ਘਰ ਪਹੁੰਚੀ ਅਤੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਪਹੁੰਚਾ ਦਿਤਾ ਗਿਆ ਹੈ ਜਦਕਿ ਉਸ ਦੇ ਪਰਵਾਰਕ ਮੈਂਬਰਾਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
 

ਟਾਂਡਾ ’ਚ ਕੋਰੋਨਾ ਦੇ ਤਿੰਨ ਹੋਰ ਕੇਸ ਆਏ
ਟਾਂਡਾ, 3 ਜੂਨ (ਬਾਜਵਾ) : ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਨੰਗਲੀ ਜਲਾਲਪੁਰ ਕੋਰੋਨਾ ਦਾ ਹਾਟ-ਸਪਾਟ ਬਣ ਗਿਆ ਹੈ। ਇਥੇ ਤਿੰਨ ਹੋਰ ਵਿਅਕਤੀਆਂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਤਿੰਨ ਵਿਅਕਤੀਆਂ ਦੀ ਰੀਪੋਰਟ ਦੇ ਅੱਜ ਪਾਜ਼ੀਟਿਵ ਆਉਣ ਨਾਲ ਹੀ ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 134 ਹੋ ਗਈ ਹੈ।
 

ਅੰਮ੍ਰਿਤਸਰ : 2 ਨਵੇਂ ਮਾਮਲਿਆਂ ਦੀ ਪੁਸ਼ਟੀ
ਅੰਮ੍ਰਿਤਸਰ, 3 ਜੂਨ (ਪਪ) : ਅੰਮ੍ਰਿਤਰ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਰੁਕਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਬੁਧਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦੇ ਦੋ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦਾ ਅੰਕੜਾ 405 ਹੋ ਗਿਆ ਹੈ, ਜਦਕਿ ਤਿੰਨ ਮਰੀਜ਼ਾਂ ਨੂੰ ਅੱਜ ਠੀਕ ਹੋਣ ਤੋਂ ਬਾਅਦ ਹਸਪਤਾਲ ’ਚੋਂ ਛੁੱਟੀ ਦੇ ਦਿਤੀ ਗਈ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦਸਣਯੋਗ ਹੈ ਕਿ ਅਜੇ ਤਕ 313 ਮਰੀਜ਼ ਠੀਕ ਚੁੱਕੇ ਹਨ।

ਕੋਟਕਪੂਰਾ ’ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
ਕੋਟਕਪੁਰਾ, 3 ਜੂਨ (ਗੁਰਿੰਦਰ ਸਿੰਘ) : ਜ਼ਿਲ੍ਹਾ ਫ਼ਰੀਦਕੋਟ ’ਚ ਅੱਜ ਕੋਰੋਨਾ ਪਾਜ਼ੇਟਿਵ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਜੋ ਤਿੰਨੇ ਹੀ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਨਾਲ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਰਾਜੂ ਨੇ ਦਸਿਆ ਕਿ ਪਾਜ਼ੇਟਿਵ ਆਏ ਤਿੰਨਾਂ ਕੇਸਾਂ ’ਚ ਇਕ ਪੁਲਿਸ ਮੁਲਾਜ਼ਮ, ਇਕ ਗਰਭਵਤੀ ਔਰਤ ਅਤੇ ਇਕ ਮੁੰਬਈ ਤੋਂ ਪਰਤਿਆ ਵਿਅਕਤੀ ਸ਼ਾਮਲ ਹਨ।

ਉਨ੍ਹਾਂ ਦਸਿਆ ਕਿ ਗਰਭਵਤੀ ਔਰਤ ਦੇ ਰੂਟੀਨ ਚੈਕਅਪ ਦੌਰਾਨ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ ਅਤੇ ਪੁਲਿਸ ਮੁਲਾਜ਼ਮ ਦੀ ਸਕਰੀਨਿੰਗ ਦੌਰਾਨ ਨਾਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ। ਇਸੇ ਤਰ੍ਹਾਂ ਤੀਜਾ ਮੁੰਬਈ ਤੋਂ ਆਇਆ ਵਿਅਕਤੀ ਘਰ ’ਚ ਏਕਾਂਤਵਾਸ ਸੀ, ਜਿਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਤਿੰਨਾਂ ਨੂੰ ਆਈਸੋਲੇਟ ਕਰ ਦਿਤਾ ਗਿਆ ਹੈ।
ਫੋਟੋ : ਕੇ.ਕੇ.ਪੀ.-ਗੁਰਿੰਦਰ-3-6ਐੱਫ