ਫ਼ੀਸਾਂ ਦੇ ਵਿਰੋਧ ’ਚ ‘ਆਪ’ ਦੇ ਯੂਥ ਵਿੰਗ ਨੇ ਮੰਤਰੀ ਸੋਨੀ ਦਾ ਘਰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਆਪ’ ਯੂਥ ਵਿੰਗ ਦੇ ਰੋਸ ਪ੍ਰਦਰਸ਼ਨ ’ਚ ਸੈਂਕੜੇ ਨੌਜਵਾਨਾਂ ਨੇ ਲਿਆ ਹਿੱਸਾ

File Photo

ਅੰਮ੍ਰਿਤਸਰ, 3 ਜੂਨ (ਸੁਖÎਵਿੰਦਰਜੀਤ ਸਿੰਘ ਬਹੋੜੂ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਨੇ ਸੂਬਾ ਸਰਕਾਰ ਵਲੋਂ ਮੈਡੀਕਲ ਕਾਲਜਾਂ/ ਯੂਨੀਵਰਸਟੀਆਂ ਦੀਆਂ ਫ਼ੀਸਾਂ ’ਚ ਕੀਤੇ ਗਏ ਅੰਨ੍ਹੇਵਾਹ ਵਾਧੇ (77 ਪ੍ਰਤੀਸ਼ਤ ਤਕ) ਦਾ ਜ਼ੋਰਦਾਰ ਵਿਰੋਧ ਕਰਦਿਆਂ ਬੁਧਵਾਰ ਨੂੰ ਇਥੇ ਰਾਣੀ ਕਾ ਬਾਗ਼ ’ਚ ਸਥਿਤ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਦੀ ਕੋਠੀ ਦਾ ਘਿਰਾਉ ਕੀਤਾ, ਹਾਲਾਂਕਿ ਮੰਤਰੀ ਓ.ਪੀ. ਸੋਨੀ ਸਵੇਰੇ ਹੀ ਘਰੋਂ ਨਿਕਲ ਗਏ ਸਨ। 

‘ਆਪ’ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸੀਨੀਅਰ ਪਾਰਟੀ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਦੀ ਅਗਵਾਈ ਹੇਠ ਹੋਏ ਇਸ ਰੋਸ ਪ੍ਰਦਰਸ਼ਨ ’ਚ ਸੈਂਕੜੇ ਨੌਜਵਾਨਾਂ ਅਤੇ ਸਥਾਨਕ ਲੀਡਰਸ਼ਿਪ ਨੇ ਹਿੱਸਾ ਲਿਆ। ਪੁਤਲੀਘਰ ਸਥਿਤ ਡੀਟੀਓ ਦਫ਼ਤਰ ਤੋਂ ‘ਆਪ’ ਪ੍ਰਦਰਸ਼ਨਕਾਰੀਆਂ ਨੇ ਓ.ਪੀ. ਸੋਨੀ ਦੀ ਕੋਠੀ ਵੱਲ ਕੂਚ ਕੀਤਾ ਪਰ ਭਾਰੀ ਨਫ਼ਰੀ ’ਚ ਤੈਨਾਤ ਪੁਲਿਸ ਫ਼ੋਰਸ ਨੇ ‘ਆਪ’ ਦੀ ਯੂਥ ਬ੍ਰਿਗੇਡ ਨੂੰ ਮੰਤਰੀ ਦੀ ਕੋਠੀ ਤੋਂ ਥੋੜ੍ਹੀ ਦੂਰੀ ’ਤੇ ਰੋਕ ਲਿਆ, ਜਿਥੇ ਉਨ੍ਹਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਮੰਤਰੀ ਸੋਨੀ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ। 

ਮੀਤ ਹੇਅਰ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਸਰਕਾਰ ਨੇ ਵੀ ਪ੍ਰਾਈਵੇਟ ਮੈਡੀਕਲ ਐਜੂਕੇਸ਼ਨ ਮਾਫ਼ੀਆ ਅੱਗੇ ਗੋਡੇ ਟੇਕ ਕੇ ਆਮ ਘਰਾਂ ਦੇ ਹੋਣਹਾਰ ਬੱਚਿਆਂ ਦੇ ਡਾਕਟਰ ਬਣਨ ਦੇ ਸੁਪਨੇ ਚੂਰ-ਚੂਰ ਕਰ ਦਿਤੇ, ਕਿਉਂਕਿ ਦਲਿਤ-ਗ਼ਰੀਬ ਜਾਂ ਘੱਟ ਆਮਦਨੀ ਵਾਲੇ ਪਰਵਾਰਾਂ ਦੇ ਬੱਚੇ ਤਾਂ ਦੂਰ ਮਧਵਰਗੀ ਤਬਕੇ ਨਾਲ ਸਬੰਧਤ ਚੰਗੇ ਖਾਂਦੇ-ਪੀਂਦੇ ਘਰ ਵੀ ਐਨੀ ਮਹਿੰਗੀ ਫ਼ੀਸ ਅਦਾ ਨਹੀਂ ਕਰ ਸਕਦੇ। ਜੇਕਰ ਦਿੱਲੀ ਦੀ ਕੇਜਰੀਵਾਲ ਸਰਕਾਰ ਅਪਣੇ ਮੈਡੀਕਲ ਕਾਲਜਾਂ ’ਚ ਐਮ.ਬੀ.ਬੀ.ਐਸ ਦੀ 5 ਸਾਲਾਂ ਦੀ ਪੜਾਈ ਸਿਰਫ਼ 20-22 ਹਜ਼ਾਰ ਰੁਪਏ ’ਚ ਕਰਵਾ ਸਕਦੀ ਹੈ ਤਾਂ ਪੰਜਾਬ ’ਚ ਇਹੋ ਫ਼ੀਸ ਲੱਖਾਂ ਰੁਪਏ ’ਚ ਕਿਉਂ ਵਸੂਲੀ ਜਾਂਦੀ ਹੈ। 

ਉਨ੍ਹਾਂ ਕਿਹਾ ਮੰਤਰੀ ਓ.ਪੀ. ਸੋਨੀ ਅੱਜ ਘਰ ਛੱਡ ਕੇ ਭੱਜ ਗਿਆ ਹੈ ਪ੍ਰੰਤੂ ਜਦ ਤਕ ਫ਼ੀਸਾਂ ’ਚ ਅੰਨ੍ਹਾ ਵਾਧਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤਕ ‘ਆਪ’ ਦੀ ਯੂਥ ਬ੍ਰਿਗੇਡ ਮੰਤਰੀ ਸੋਨੀ ਅਤੇ ਕੈਪਟਨ ਸਰਕਾਰ ਦਾ ਪਿੱਛਾ ਨਹੀਂ ਛੱਡੇਗੀ। ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ’ਚ ਸਰਕਾਰ ਨੇ ਲਗਭਗ 750 ਕਰੋੜ ਰੁਪਏ ਸ਼ਰਾਬ ਅਤੇ 250 ਕਰੋੜ ਰੁਪਏ ਰੇਤ ਮਾਫ਼ੀਆ ਨੂੰ ਛੱਡ ਸਕਦੀ ਹੈ ਤਾਂ ਡਾਕਟਰ ਬਣਨ ਦੇ ਇੱਛੁਕ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ 10 ਕਰੋੜ ਰੁਪਏ ਦੀ ਰਿਆਇਤ ਕਿਉਂ ਨਹੀਂ ਦਿੱਤੀ ਜਾ ਸਕਦੀ।

 ਅਮਨ ਅਰੋੜਾ ਨੇ ਕਿਹਾ ਕਿ ਡਾਕਟਰੀ ਪੜਾਈ ਲਈ ਫ਼ੀਸਾਂ ’ਚ ਬੇਤਹਾਸ਼ਾ ਵਾਧੇ ਨੇ ਕੋਰੋਨਾ ਵਾਇਰਸ ਦੌਰਾਨ ਕਾਂਗਰਸ ਦੇ ਡਾਕਟਰਾਂ ਪ੍ਰਤੀ ਹਮਦਰਦੀ ਭਰੇ ਦਿਖਾਵੇ ਦੀ ਫ਼ੂਕ ਕੱਢ ਦਿਤੀ।  ਇਸ ਮੌਕੇ ਮਨਜਿੰਦਰ ਸਿੰਘ ਸਿੱਧੂ, ਸੁਖਰਾਜ ਸਿੰਘ ਬੱਲ ਅਤੇ ਦਿਨੇਸ਼ ਚੱਢਾ ਨੇ ਐਲਾਨ ਕੀਤਾ ਕਿ ਜਦ ਤਕ ਸਰਕਾਰ ਫ਼ੀਸਾਂ ’ਚ ਅੰਨ੍ਹੇ ਵਾਧੇ ਵਾਲੇ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਨਹੀਂ ਲਵੇਗੀ ਉਦੋਂ ਤਕ ਪੰਜਾਬ ਭਰ ’ਚ ਸਰਕਾਰ ਨੂੰ ‘ਆਪ’ ਯੂਥ ਵਿੰਗ ਦਾ ਵਿਰੋਧ ਸਹਿਣਾ ਪਵੇਗਾ।

ਜੇਕਰ ਸਰਕਾਰ ਨੇ ਫ਼ੀਸਾਂ ’ਚ ਵਾਧਾ ਵਾਪਸ ਨਾ ਲਿਆ ਤਾਂ 2022 ’ਚ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ’ਚ ਦਿੱਲੀ ਵਾਂਗ ਡਾਕਟਰੀ ਸਿਖਿਆ ਹਰ ਹੋਣਹਾਰ ਅਤੇ ਹੁਸ਼ਿਆਰ ਬੱਚੇ ਦੀ ਪਹੁੰਚ ’ਚ ਕੀਤੀ ਜਾਵੇਗੀ, ਬੇਸ਼ੱਕ ਉਹ ਕਿੰਨੇ ਵੀ ਗ਼ਰੀਬ ਪਰਵਾਰ ਨਾਲ ਕਿਉਂ ਨਾ ਸਬੰਧਤ ਹੋਣ। ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ, ਵਰੁਨ ਰਾਣਾ ਆਦਿ ਹਾਜ਼ਰ ਸਨ।