'ਸਿੱਖ ਨਸਲਕੁਸ਼ੀ' ਦੇ ਇਨਸਾਫ਼ ਦੀ ਮੰਗ ਨੂੰ ਰੋਜ਼ਾਨਾ ਅਰਦਾਸ ਦਾ ਹਿੱਸਾ ਬਣਾਉ : ਪ੍ਰਿੰ: ਸੁਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸਿੱਖ ਨਸਲਕੁਸ਼ੀ' ਦੇ ਇਨਸਾਫ਼ ਦੀ ਮੰਗ ਨੂੰ ਰੋਜ਼ਾਨਾ ਅਰਦਾਸ ਦਾ ਹਿੱਸਾ ਬਣਾਉ : ਪ੍ਰਿੰ: ਸੁਰਿੰਦਰ ਸਿੰਘ

1

ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਭਗਵੰਤ ਸਿੰਘ ਮਟੌਰ, ਸੇਵਾ ਸਿੰਘ) : ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਹਮੇਸ਼ਾ ਜ਼ਕਰੀਆ ਖ਼ਾਨ, ਚੰਦੂ, ਗੰਗੂ ਅਤੇ ਨਰੈਣੂ ਮਹੰਤ ਵਰਗੇ ਬੁਰੇ ਤੇ ਉਨ੍ਹਾਂ ਦੀ ਸੰਤਾਨ ਦਾ ਵੀ ਭਲਾ ਹੀ ਮੰਗਿਆ ਹੈ। ਪਰ ਜਦੋਂ ਸਿੱਖ ਕਿਸੇ ਪੰਥਕ ਮੁੱਦੇ ਤੇ ਬੇਵੱਸ ਹੋ ਜਾਂਦੇ ਹਨ ਤਾਂ ਅਪਣੀ ਜਾਇਜ਼ ਮੰਗ ਨੂੰ ਪ੍ਰਾਪਤ ਕਰਨ ਲਈ ਅਪਣੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣਾ ਲੈਂਦੇ ਹਨ।
  1984 ਸਿੱਖ ਨਸਲਕੁਸ਼ੀ ਦੇ ਇਨਸਾਫ਼ ਨੂੰ ਮੰਗਦੇ ਹੋਏ 36 ਸਾਲ ਬੀਤ ਚੁੱਕੇ ਹਨ। ਬੇਵਸ ਹੋਈ ਸਿੱਖ ਕੌਮ ਨੂੰ ਹੁਣ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਇਨਸਾਫ਼ ਪ੍ਰਾਪਤੀ ਲਈ ਇਸ ਮੰਗ ਨੂੰ ਵੀ ਆਪਣੀ ਰੋਜ਼ਾਨਾ ਪੰਥਕ ਅਰਦਾਸ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ।
  ਪ੍ਰਿੰ: ਸੁਰਿੰਦਰ ਸਿੰਘ ਨੇ ਦਸਿਆ ਕਿ ਸੰਨ 1528 ਈ: ਵਿਚ ਐਮਨਾਬਾਦ ਦੀ ਧਰਤੀ 'ਤੇ ਭਾਰਤੀ ਲੋਕਾਂ ਦੇ ਕਤਲੇਆਮ ਦਾ ਮੁੱਖ ਦੋਸ਼ੀ ਬਾਬਰ ਸੀ। ਗੁਰੂ ਨਾਨਕ ਪਾਤਸ਼ਾਹ ਇਸ ਕਤਲੇਆਮ ਦੇ ਚਸ਼ਮਦੀਦ ਗਵਾਹ ਸਨ। ਗੁਰੂ ਜੀ ਦੀ ਵਿਲੱਖਣ ਅਤੇ ਰੂਹਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਬਾਬਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕੁੱਝ ਮੰਗੋ! ਜਨਮ ਸਾਖੀ ਅਨੁਸਾਰ ਗੁਰੂ ਜੀ ਦੇ ਬਚਨ ਸਨ ''ਕਹੈ ਨਾਨਕ ਸੁਣ ਬਾਬਰ ਮੀਰ । ਤੁਝ ਤੇ ਮਾਂਗਹਿ ਸੁ ਅਹਿਮਕ ਫਕੀਰ'' ਭਾਵ ਮਨੁੱਖਤਾ ਦੇ ਕਾਤਲ ਤੋਂ ਹੀ ਕਤਲੇਆਮ ਦੇ ਇਨਸਾਫ਼ ਦੀ ਮੰਗ ਕਰਨਾ ਨਲਾਇਕਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ। ਅੱਜ ਅਸੀਂ ਬਾਬਾ ਨਾਨਕ ਜੀ ਵਲੋਂ ਮੁੱਖ ਮੋੜ ਕੇ ਬਾਬਰ ਤੋਂ ਹੀ ਇਨਸਾਫ਼ ਮੰਗ ਰਹੇ ਹਾਂ।


   ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਦੇ ਆਗੂਆਂ ਨੂੰ ''ਹਿੰਮਤੇ ਮਰਦਾਂ - ਮਦਦ ਏ ਖੁਦਾਅ'' ਅਨੁਸਾਰ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁਧ ਹਰ ਕਿਸਮ ਦਾ ਸੰਘਰਸ਼ ਨਿਰੰਤਰ ਜਾਰੀ ਰੱਖਣ ਦੇ ਨਾਲ -ਨਾਲ ''ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ''(ਮ:੧ ਪੰਨਾ -੭੨੩) ਗੁਰੂ ਵਾਕ ਅਨੁਸਾਰ ਅਪਣੀ ਇਸ ਮੰਗ ਨੂੰ ਰੋਜ਼ਾਨਾ ਅਰਦਾਸ ਵਿਚ ਪੰਥਕ ਜੁਗਤੀ ਅਨੁਸਾਰ ਸ਼ਾਮਲ ਕਰ ਲੈਣਾ ਚਾਹੀਦਾ ਹੈ । ਇਸ ਦੇ ਕਈ ਫ਼ਾਇਦੇ ਹੋਣਗੇ ।


   ਪਹਿਲਾ: ਪਤਾ ਨਹੀਂ ਕਦੋਂ ਦੋ ਦੁਸ਼ਮਣ ਦੇਸ਼ਾਂ ਦੇ ਮੁਖੀ ''ਇਮਰਾਨ ਖ਼ਾਨ ਤੇ ਮੋਦੀ ਸਾਹਿਬ ਵਰਗੇ ਦੇ ਮਨ ਵਿਚ ਵਸ ਕੇ ਸ੍ਰੀ ਵਾਹਿਗੁਰੂ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇਤਿਹਾਸ ਦੁਹਰਾ ਦੇਣਗੇ। ਦੂਜਾ ਬਾਬੇਕਿਆਂ ਤੇ ਬਾਬਰਕਿਆਂ ਦੀ ਇਹ ਟੱਕਰ ਕਦੇ ਵੀ ਖ਼ਤਮ ਨਹੀਂ ਹੋਣੀ, ਸਿੱਖ ਕੌਮ ਨੂੰ ਹਮੇਸ਼ਾਂ ਇਸ ਨਸਲਕੁਸ਼ੀ ਜੈਸੇ ਘੱਲੂਘਾਰਿਆਂ ਦਾ ਸਾਹਮਣਾ ਕਰਨ ਦੀ ਤਾਕਤ ਵੀ ਮਿਲਦੀ ਰਹੇਗੀ। ਤੀਜਾ- ਆਉਣ ਵਾਲੀ ਸਿੱਖ ਪਨੀਰੀ ਪਰਉਪਕਾਰੀ ਅਤੇ ਅਕਿਰਤਘਣਾ ਦੀ ਪਛਾਣ ਕਰਨ ਦੇ ਯੋਗ ਵੀ ਬਣੀ ਰਹੇਗੀ।


  ਅੰਤ ਵਿਚ ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਕਿ ਸਾਰੇ ਪੰਥ ਨੂੰ ਇਕੱਠੇ ਹੋ ਕੇ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਆਧਾਰ 'ਤੇ ਹੀ ਸਿੱਖ ਨਸਲਕੁਸ਼ੀ ਦੇ ਇਨਸਾਫ਼ ਵਾਲੀ ਸ਼ਬਦਾਵਲੀ ਘੜ ਕੇ ਪੰਥਕ ਜੁਗਤਿ ਅਨੁਸਾਰ ਸਿੱਖ ਰਹਿਤ ਮਰਿਯਾਦਾ ਵਿਚ ਪ੍ਰਵਾਣਿਤ ਰੋਜ਼ਾਨਾ ਅਰਦਾਸ ਵਿਚ ਸ਼ਾਮਲ ਕਰ ਦੇਣੀ ਚਾਹੀਦੀ ਹੈ।