ਪੰਜਾਬ ਸਰਕਾਰ ਨੇ ਦਲ ਖ਼ਾਲਸਾ ਦੇ 5 ਜੂਨ ਦੇ ਮਾਰਚ ’ਤੇ ਲਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਲ ਖ਼ਾਲਸਾ ਵਲੋਂ 5 ਜੂਨ ਨੂੰ ਕੱਢੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ ’ਤੇ ਪੰਜਾਬ ਸਰਕਾਰ ਨੇ ਰੋਕ ਲਾ ਦਿਤੀ ਹੈ। ਇਸ ਸਬੰਧੀ ਲਿਖਤੀ ਜਾਣਕਾਰੀ ਪਾਰਟੀ ਦਫ਼ਤਰ

Dal khalsa

ਅੰਮ੍ਰਿਤਸਰ, 3 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਦਲ ਖ਼ਾਲਸਾ ਵਲੋਂ 5 ਜੂਨ ਨੂੰ ਕੱਢੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ ’ਤੇ ਪੰਜਾਬ ਸਰਕਾਰ ਨੇ ਰੋਕ ਲਾ ਦਿਤੀ ਹੈ। ਇਸ ਸਬੰਧੀ ਲਿਖਤੀ ਜਾਣਕਾਰੀ ਪਾਰਟੀ ਦਫ਼ਤਰ ਭੇਜੀ ਗਈ ਹੈ।  ਦਲ ਖ਼ਾਲਸਾ ਦੇ ਦਫ਼ਤਰ ’ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ 7 ਤਰੀਕ ਤਕ ਧਾਰਮਕ ਸਥਾਨ ਨਾ ਖੋਲ੍ਹੇ ਜਾਣ ਅਤੇ ਗ੍ਰਹਿ ਮੰਤਰਾਲੇ ਦੀਆਂ ਤਾਲਾਬੰਦੀ ਹਦਾਇਤਾਂ ਨੂੰ ਆਧਾਰ ਬਣਾ ਕੇ ਅੰਮ੍ਰਿਤਸਰ ਪ੍ਰਸ਼ਾਸਨ ਨੇ ਦਲ ਖ਼ਾਲਸਾ ਦੇ ਮਾਰਚ ’ਤੇ ਰੋਕ ਲਾ ਦਿਤੀ ਹੈ ਜਿਸ ਦਾ ਸਾਨੂੰ ਬੇਹੱਦ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਰਚ ਵਿੱਚ ਘੱਟ ਤੋਂ ਘੱਟ ਗਿਣਤੀ ਅਤੇ ਸਰੀਰਕ ਦੂਰੀ ਬਣਾ ਕੇ ਚੱਲਣ ਬਾਰੇ ਸਰਕਾਰ ਨੂੰ ਲਿਖਿਆ ਸੀ ਪਰ ਉਸ ਨੇ ਕੇਂਦਰ ਦੀਆਂ ਹਦਾਇਤਾਂ ਦੀ ਆੜ ਹੇਠ ਸਾਨੂੰ ਮਾਰਚ ਲਈ ਇਜਾਜ਼ਤ ਦੇਣ ਤੋਂ ਮਨਾ ਕਰ ਦਿਤਾ ਹੈ। 

ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ 7 ਜੂਨ ਤੋਂ ਬਾਅਦ ਕੋਰੋਨਾ ਖ਼ਤਮ ਹੋ ਜਾਵੇਗਾ? ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਰੂਰ ਕੋਈ ਸਖ਼ਤ ਸਟੈਂਡ ਲੈਣਾ ਚਾਹੀਦਾ ਸੀ ਪਰ ਅਫ਼ਸੋਸ ਉਨ੍ਹਾਂ ਇਸ ਮਾਮਲੇ ’ਤੇ ਚੁੱਪੀ ਧਾਰੀ ਰੱਖੀ। ਉਨ੍ਹਾਂ ਕਿਹਾ ਕਿ ਅਸੀਂ ਕੇਵਲ 36 ਕੁ ਸਿੰਘਾਂ ਨੂੰ ਮਾਰਚ ਵਿਚ ਲੈ ਕੇ ਚੱਲਣਾ ਸੀ ਜਿਸ ਨਾਲ ਕੋਈ ਕੋਰੋਨਾ ਦਾ ਖ਼ਤਰਾ ਨਹੀਂ ਮੰਡਰਾਉਣ ਲੱਗਾ ਸੀ। ਉਨ੍ਹਾਂ ਕਿਹਾ ਕਿ ਹੁਣ ਮਾਰਚ ’ਤੇ ਲੱਗੀ ਪਾਬੰਦੀ ਤੋਂ ਬਾਅਦ ਪਾਰਟੀ ਨੇ ਫ਼ੈਸਲਾ ਕੀਤਾ ਕਿ ਅਸੀਂ ਹਰ ਹਾਲ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਾਂਗੇ ਤੇ ਦਲ ਖ਼ਾਲਸਾ ਦਫ਼ਤਰ ਤੋਂ 5 ਜੂਨ ਨੂੰ ਕੇਵਲ 5 ਸਿੰਘ ਹੀ ਦਰਬਾਰ ਸਾਹਿਬ ਤਕ ਪੈਦਲ ਜਾਣਗੇ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਕਰਨਗੇ। ਲੋਕਾਂ ਦੀਆਂ ਦੁਸ਼ਵਾਰੀਆਂ ਅਤੇ ਆਰਥਿਕ ਮੰਦੀਆਂ ਨੂੰ ਮੁੱਖ ਰਖਦਿਆਂ ਹੋਇਆ ਅਸੀਂ ਇਸ ਵਾਰ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਨਹੀਂ ਦੇ ਰਹੇ ਲੇਕਿਨ ਅਸੀਂ ਉਸ ਦਿਨ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਵਿਚ ਜ਼ਰੂਰ ਸ਼ਾਮਲ ਹੋਵਾਂਗੇ। 

ਦਲ ਖ਼ਾਲਸਾ ਨੇ ਕਿਹਾ ਕਿ ਪੁਲਿਸ ਘੱਲੂਘਾਰਾ ਦਿਵਸ ਤੋਂ ਪਹਿਲਾਂ ਸਿੱਖ ਨੌਜਵਾਨਾਂ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣ ਲਈ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਜਥੇਦਾਰ ਵਾਲ਼ਾ ਰੋਲ ਅਦਾ ਕਰਨਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਪੰਜਾਬ ਸਰਕਾਰ ਨੂੰ ਇਹ ਹਦਾਇਤ ਕਰੇ ਕਿ ਘੱਲੂਘਾਰਾ ਮਨਾਉਣ ਆਏ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਾ ਜਾਵੇ ਤੇ ਸਿੱਖਾਂ ਨੂੰ ਆਪਣੇ ਸ਼ਹੀਦਾਂ ਨੂੰ ਸ਼ਾਂਤੀਪੂਰਵਕ ਯਾਦ ਕਰਨ ਦਿਤਾ ਜਾਵੇ। 
ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਵਲੋਂ ਹਰ ਸਾਲ 5 ਜੂਨ ਨੂੰ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹਿਰ ’ਚ ਵਿਸ਼ਾਲ ਮਾਰਚ ਕੀਤਾ ਜਾਂਦਾ ਸੀ ਲੇਕਿਨ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਕੇਵਲ ਨਾ-ਮਾਤਰ ਸਿੰਘਾਂ ਦੇ ਨਾਲ ਹੀ ਇਹ ਮਾਰਚ ਕੀਤਾ ਜਾਣਾ ਸੀ ਪਰ ਸਰਕਾਰ ਨੇ ਧਾਰਾ 144 ਤੇ ਹੋਰ ਕਈ ਕਾਰਨ ਦੱਸ ਕੇ ਇਸ ਮਾਰਚ ’ਤੇ ਰੋਕ ਲਾ ਦਿਤੀ ਹੈ। ਇਸ ਮੌਕੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ ਮੂਨਕਾਂ, ਰਣਜੀਤ ਸਿੰਘ ਦਮਦਮੀ ਟਕਸਾਲ ਆਦਿ ਹਾਜ਼ਰ ਸਨ।