ਟੈਸਟ ਪਾਸ ਢਾਡੀ ਜੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵਾਰਾਂ ਗਾ ਸਕਣਗੇ : ਬਲਦੇਵ ਸਿੰਘ ਐਮ.ਏ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਦੇ ਫ਼ੈਸਲੇ ਦਾ ਢਾਡੀ ਸਭਾ ਵਲੋਂ ਸਵਾਗਤ

akal takht sahib

ਅੰਮ੍ਰਿਤਸਰ, 3 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ। ਇਸ ਦਾ ਵਿਰਸਾ ਮਹਾਨ ਹੈ। ਇਸ ਮਹਾਨ ਸੰਸਥਾ ਤੋਂ ਬੋਲਣ ਵਾਲੇ ਢਾਡੀ ਜਥਿਆਂ ਦਾ ਮਿਆਰ ਉੱਚਾ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਹਰਿਗੋਬਿੰਦ  ਸਾਹਿਬ ਸ਼੍ਰੋਮਣੀ ਢਾਡੀ ਸਭਾ ਵਲੋਂ ਕੀਤੀ ਬੇਨਤੀ ਤੇ ਗਿ. ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤਿੰਨ ਮੈਬਰਾਂ ਦੀ ਇਕ ਕਮੇਟੀ ਨਿਯੁਕਤ ਕਰ ਦਿਤੀ, ਕਮੇਟੀ ਵਲੋਂ ਲਏ ਗਏ ਫ਼ੈਸਲੇ ਨੂੰ ਗਿ. ਹਰਪ੍ਰੀਤ ਸਿੰਘ ਨੇ ਪ੍ਰਵਾਨਗੀ ਦੇ ਦਿਤੀ ਹੈ, ਜਿਸ ਦਾ ਸ੍ਰੀ ਗੁਰੂ ਹਰਿਗੋਂਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਭਰਪੂਰ ਸੁਆਗਤ ਕਰਦੀ ਹੈ। 

ਢਾਡੀ ਸਭਾ ਦੀ ਚਿਰਕੋਣੀ ਮੰਗ ਸੀ ਕਿ ਜਿਵੇ ਹਰਿਮੰਦਰ ਸਾਹਿਬ ਵਿਚ ਉੱਚ ਮਿਆਰ ਦੇ ਜੱਥੇ ਹੀ ਕੀਰਤਨ ਕਰ ਸਕਦੇ ਹਨ, ਇਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਨਿਯਮ ਹੋਣਾ ਚਾਹੀਦਾ ਹੈ ਕਿ ਟੈਸਟ ਪਾਸ ਜੱਥੇ ਹੀ ਢਾਡੀ ਵਾਰਾਂ ਗਾਉਣ। ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐਮ.ਏ. ਨੇ ਕਿਹਾ ਕਿ ਸਾਡੀ ਢਾਡੀ ਸਭਾ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਤ 12 ਜਥਿਆਂ ਤੋਂ ਇਲਾਵਾ 30 ਢਾਡੀ ਜਥਿਆਂ ਨੇ

ਫ਼ਾਰਮ ਭਰ ਕੇ ਧਰਮ ਪ੍ਰਚਾਰ ਕਮੇਟੀ ਕੋਲ ਜਮਾ ਕਰਵਾ ਦਿਤੇ ਹਨ। ਗੁਰਮੇਜ ਸਿੰਘ ਸ਼ਹੂਰਾ ਦੀ ਢਾਡੀ ਸਭਾ ਦੋਫਾੜ ਹੋ ਗਈ ਤੇ ਉਸ ਢਾਡੀ ਸਭਾ ਦੇ ਲਖਵਿੰਦਰ ਸਿੰਘ ਸੋਹਲ, ਸਤਨਾਮ ਸਿੰਘ ਲਾਲੂਘੁੰਮਣ, ਸੁਖਨਿੰਦਰ ਸਿੰਘ ਸ਼ੁਭਮ, ਜੁਗਰਾਜ ਸਿੰਘ ਜੋਧੇ, ਲਵਦੀਪ ਸਿੰਘ, ਮਲਕੀਅਤ ਸਿੰਘ ਬੰਗਾ, ਜਰਨੈਲ ਸਿੰਘ ਖੁੰਡਾ ਆਦਿ ਨੇ ਜੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵਿਚ ਸ਼ਾਮਲ ਹੋ ਗਏ ਹਨ। 

ਸਤਨਾਮ ਸਿੰਘ ਲਾਲੂਘੰਮਣ ਅਤੇ ਮਲਕੀਅਤ ਸਿੰਘ ਬੰਗਾ ਨੇ ਕਿਹਾ ਕਿ ਸ਼ਹੂਰਾ ਦੀ ਢਾਡੀ ਸਭਾ ਮਾਝੇ ਦੇ ਇਕ ਆਗੂ ਵਲੋਂ ਬਲਦੇਵ ਸਿੰਘ ਐਮ.ਏ. ਤੇ ਢਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਬਣਾਈ ਸੀ।  ਢਾਡੀ ਜੱਥਿਆਂ ਦਾ ਢਾਡੀ ਸਭਾ ਵਿਚ ਸ਼ਾਮਲ ਹੋਣ ’ਤੇ ਬਲਦੇਵ ਸਿੰਘ ਐਮ.ਏ. ਨੇ ਕਿਹਾ ਕਿ ਰੇਤ ਦੀਆਂ ਕੰਧਾਂ ’ਤੇ ਮਹਿਲ ਨਹੀਂ ਉਸਾਰੀਦੇ। ਇਸ ਮੌਕੇ ਕੁਲਵੰਤ ਸਿੰਘ ਪੰਡੋਰੀ, ਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪ੍ਰੋ. ਭੁਪਿੰਦਰ ਸਿੰਘ, ਪੂਰਨ ਸਿੰਘ ਅਰਸ਼ੀ, ਹਰਦੀਪ ਸਿੰਘ ਮਾਣੋਚਾਹਲ ਆਦਿ ਢਾਡੀ ਜਥਿਆਂ ਨੇ ਸਵਾਗਤ ਕੀਤਾ।