1984 ਦਾ ਘੱਲੂਘਾਰਾ ਸਿੱਖਾਂ ਦੇ ਕੌਮੀ ਦਰਦ ਦਾ ਪ੍ਰਤੀਕ ਹੈ : ਭਾਈ ਵੱਸਣ ਸਿੰਘ ਜਫ਼ਰਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1984 ਦਾ ਘੱਲੂਘਾਰਾ ਸਿੱਖਾਂ ਦੇ ਕੌਮੀ ਦਰਦ ਦਾ ਪ੍ਰਤੀਕ ਹੈ : ਭਾਈ ਵੱਸਣ ਸਿੰਘ ਜਫ਼ਰਵਾਲ

1
ਨੌਸ਼ਹਿਰਾ ਮੱਝਾ ਸਿੰਘ, 4 ਜੂਨ (ਰਵੀ ਭਗਤ) : ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਅਪਣੇ ਸਾਥੀ ਸਿੰਘਾਂ ਸਮੇਤ ਪਾਵਨ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹੀਦੀ ਦੇ ਦਿਤੀ ਇਸ ਲਈ ਘੱਲੂਘਾਰੇ ਦਿਵਸ ਨੂੰ ਸਮੁੱਚੀ ਸਿੱਖ ਕੌਮ ਕੌਮੀ ਦਰਦ ਵਜੋਂ ਮਨਾਉਂਦੀ ਹੈ ਅਤੇ ਜੂਨ 1984 ਦਾ ਘੱਲੂਘਾਰਾ ਸਿੱਖਾਂ ਦੇ ਕੌਮੀ ਦਰਦ ਦਾ ਪ੍ਰਤੀਕ ਹੈ।


   ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖਾੜਕੂ ਤੇ ਯੂਨਾਈਟਡ ਅਕਾਲੀ ਦਲ ਦੀ ਕੌਮੀ ਸੀਨੀਅਰ ਉਪ ਪ੍ਰਧਾਨ ਭਾਈ ਵੱਸਣ ਸਿੰਘ ਜ਼ਫਰਵਾਲ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀਆਂ ਫ਼ੌਜਾਂ ਅਪਣੇ ਦੇਸ਼ ਦੇ ਬਾਸ਼ਿੰਦਿਆਂ ਦੇ ਪਾਵਨ ਧਰਮ ਅਸਥਾਨਾਂ 'ਤੇ ਫ਼ੌਜੀ ਹਮਲੇ ਨਹੀਂ ਕਰਵਾਉਂਦੀਆਂ ਸਗੋਂ ਉਨ੍ਹਾਂ ਦੀ ਪਾਵਨ ਪਵਿੱਤਰਤਾ ਲਈ ਰਾਖੀ ਕਰਦੀਆਂ ਹਨ ਪਰ ਹਿੰਦੁਸਤਾਨ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕੇ ਭਾਰਤ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ।


   ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਾਦਲ ਪਰਵਾਰ ਵਲੋਂ ਇਸ ਕੌਮੀ ਦਰਦ ਨੂੰ ਇਕ ਰਸਮੀ ਪ੍ਰੋਗਰਾਮ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਦਿਹਾੜੇ ਮੌਕੇ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸੰਗਤਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਪ੍ਰੋਗਰਾਮ ਖ਼ਤਮ ਕਰ ਦਿਤਾ ਜਾਂਦਾ ਹੈ। ਭਾਈ ਜਫਰਵਾਲ ਨੇ ਸਮੁੱਚੇ ਜਗਤ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘੱਲੂਘਾਰਾ ਦਿਵਸ ਇਸ ਵਾਰ 6 ਜੂਨ ਨੂੰ ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦਵਾਰਿਆਂ ਵਿਚ ਸ਼ਹੀਦਾਂ ਨੂੰ ਯਾਦ ਕਰ ਕੇ ਮਨਾਇਆ ਜਾਵੇ।

Converted