ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਲਈ ਬਾਦਲ ਜ਼ਿੰਮੇਵਾਰ, ਵੋਟਾਂ ਲਈ ਉਹ ਸੌਦਾ ਸਾਧਨਾਲਰਲੇਹੋਏ ਸੀ ਖਹਿਰਾ
ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਲਈ ਬਾਦਲ ਜ਼ਿੰਮੇਵਾਰ, ਵੋਟਾਂ ਲਈ ਉਹ ਸੌਦਾ ਸਾਧ ਨਾਲ ਰਲੇ ਹੋਏ ਸੀ : ਖਹਿਰਾ
ਕਿਹਾ, ਅਪਣੇ ਹੱਥਠੋਕਿਆਂ ਨੂੰ ਸ਼ੋ੍ਰਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਵਰਗੀਆਂ ਸਰਵਉੱਚ ਸੰਸਥਾਵਾਂ
ਦੇ ਮੁਖੀ ਨਿਯੁਕਤ ਕਰ ਕੇ ਬਾਦਲਾਂ ਨੇ ਸਾਡੀਆਂ ਅਹਿਮ ਸੰਸਥਾਵਾਂ ਦੇ ਵਕਾਰ ਨੂੰ ਢਾਹ ਲਗਾਈ
ਪ੍ਰਮੋਦ ਕੌਸ਼ਲ
ਲੁਧਿਆਣਾ, 3 ਜੂਨ: ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਅਪਣੇ ਦੋ ਵਿਧਾਇਕ ਸਾਥੀਆਂ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖ਼ਾਲਸਾ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਮੁੜ ਕਾਂਗਰਸ ਵਿਚ ਸ਼ਾਮਲ ਹੁੰਦਿਆਂ ਕਿਹਾ ਹੈ ਕਿ ਭਾਰਤ ਨੂੰ ਭਾਜਪਾ ਦੇ ਫ਼ਿਰਕਾਪ੍ਰਸਤ ਸ਼ਾਸਨ ਤੋਂ ਅਜ਼ਾਦ ਕਰਵਾਉਣ ਵਾਸਤੇ ਇਕੋਂ ਇਕ ਢੁਕਵਾਂ ਪਲੇਟਫ਼ਾਰਮ ਕਾਂਗਰਸ ਹੈ | ਇਸ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਾਂਗਰਸ ਹੀ ਹੈ ਜੋ ਕਿ ਬਾਦਲਾਂ ਨੂੰ ਅਪਣੀਆਂ ਪਿਛਲੀਆਂ ਸਰਕਾਰਾਂ ਦੌਰਾਨ ਕੀਤੀ ਲੁੱਟ ਨੂੰ ਦੁਹਰਾਉਣ ਤੋਂ ਰੋਕ ਸਕਦੀ ਹੈ |
ਖਹਿਰਾ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਡੂੰਘਾਈ ਨਾਲ ਸੋਚ ਵਿਚਾਰ ਕਰਨ ਉਪਰੰਤ ਦੇਸ਼ ਅਤੇ ਨਾਲ ਹੀ ਅਪਣੇ ਪੰਜਾਬ ਸੂਬੇ ਦੇ ਵਡੇਰੇ ਹਿਤ ਵਾਸਤੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ | ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲਾ ਇਕ ਸਾਲ ਸਾਰੇ ਹਮਿਖ਼ਆਲ ਆਗੂਆਂ ਨੂੰ ਇਕ ਪਲੇਟਫ਼ਾਰਮ ਉਪਰ ਇਕੱਠੇ ਕਰਨ ਲਈ ਪੂਰੀ ਵਾਹ ਲਗਾਈ ਤਾਕਿ ਪੰਜਾਬ ਕੇਂਦਰਿਤ ਖੇਤਰੀ ਦਲ ਬਣ ਸਕੇ ਪ੍ਰੰਤੂ ਬਦਕਿਸਮਤੀ ਨਾਲ ਉਹ ਕੱੁਝ ਅਜਿਹੇ ਕਾਰਨਾਂ ਕਰ ਕੇ ਇਸ ਵਿਚ ਅਸਫ਼ਲ ਰਹੇ ਜਿਨ੍ਹਾਂ ਬਾਰੇ ਹੁਣ ਨਾ ਦਸਿਆ ਜਾਵੇ ਤਾਂ ਬਿਹਤਰ ਹੋਵੇਗਾ | ਖਹਿਰਾ ਨੇ ਕਿਹਾ ਕਿ ਅਪਣੀਆਂ ਜਾਇਜ਼ ਮੰਗਾਂ ਵਾਸਤੇ ਦਿੱਲੀ ਦੇ ਬਾਰਡਰਾਂ ਉਪਰ ਸੰਘਰਸ਼ ਕਰ ਰਹੇ ਲੱਖਾਂ ਕਿਸਾਨਾਂ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਭਾਜਪਾ ਦੇ ਅੱਖੜ ਰਵਈਏ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ, ਜਿਨ੍ਹਾਂ ਦੀਆਂ ਮੰਗਾਂ ਨੂੰ ਨਾ ਸਿਰਫ਼ ਦਰਕਿਨਾਰ ਕੀਤਾ ਜਾ ਰਿਹਾ ਹੈ ਬਲਕਿ
ਉਨ੍ਹਾਂ ਨੂੰ ਦੇਸ਼ ਵਿਰੋਧੀ, ਖ਼ਾਲਿਸਤਾਨੀ ਆਦਿ ਆਖ ਕੇ ਉਨ੍ਹਾਂ ਦਾ ਅਪਮਾਨ ਵੀ ਕੀਤਾ ਜਾ ਰਿਹਾ ਹੈ | ਭਾਰਤ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਬਣਾਉਣ ਵਾਲੇ 400 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਉਪਰ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਤਕ ਦਾ ਵੀ ਪ੍ਰਗਟਾਵਾ ਨਹੀਂ ਕੀਤਾ |
ਖਹਿਰਾ ਨੇ ਕਿਹਾ ਕਿ ਸਾਡੇ ਅਯੋਗ ਪ੍ਰਧਾਨ ਮੰਤਰੀ ਦੇ ਕੋਵਿਡ ਮਹਾਂਮਾਰੀ ਨੂੰ ਕਾਬੂ ਕਰਨ ਵਿਚ ਅਸਫ਼ਲ ਰਹਿਣ ਨੇ ਅੰਤਰਰਾਸ਼ਟਰੀ ਪੱਧਰ ਉਪਰ ਭਾਰਤ ਦੇ ਸਨਮਾਨ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ | ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਨਾ ਸਿਰਫ਼ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਅਤੇ ਗ਼ਲਤ ਢੰਗ ਨਾਲ ਜਾਇਦਾਦ ਇਕੱਠੀ ਕਰ ਕੇ ਅਪਣਾ ਸਾਮਰਾਜ ਖੜਾ ਕੀਤਾ ਬਲਕਿ ਕੌਮ ਵਜੋਂ ਸਿੱਖਾਂ ਦੇ ਇਤਿਹਾਸ ਅਤੇ ਸ਼ਾਨ ਨੂੰ ਤਬਾਹ ਕਰਨ ਲਈ ਭੱਦੀ ਭੂਮਿਕਾ ਵੀ ਨਿਭਾਈ | ਖਹਿਰਾ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਰਗੇ ਚਰਚਿਤ ਮਾਮਲਿਆਂ ਕਾਰਨ ਉਨ੍ਹਾਂ ਦੇ ਸਿੱਖ ਵਿਰੋਧੀ ਚਿਹਰੇ ਦਾ ਲੋਕਾਂ ਸਾਹਮਣੇ ਪਰਦਾਫ਼ਾਸ਼ ਹੋ ਗਿਆ ਹੈ | ਖਹਿਰਾ ਨੇ ਇਨ੍ਹਾਂ ਘਟਨਾਵਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਸੋੜੇ ਵੋਟਾਂ ਦੇ ਲਾਹੇ ਲਈ ਉਹ ਸੌਦਾ ਸਾਧ ਨਾਲ ਰਲੇ ਹੋਏ ਸਨ | ਖਹਿਰਾ ਨੇ ਕਿਹਾ ਕਿ ਅਪਣੇ ਹੱਥਠੋਕਿਆਂ ਨੂੰ ਐਸ.ਜੀ.ਪੀ.ਸੀ ਅਤੇ ਅਕਾਲ ਤਖ਼ਤ ਸਾਹਿਬ ਵਰਗੀਆਂ ਸਰਵਉੱਚ ਸੰਸਥਾਵਾਂ ਦੇ ਮੁਖੀ ਨਿਯੁਕਤ ਕਰ ਕੇ ਬਾਦਲਾਂ ਨੇ ਸਾਡੀਆਂ ਅਹਿਮ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲਗਾਈ ਅਤੇ ਨਿਜੀ ਮੁਫ਼ਾਦਾਂ ਲਈ ਉਨ੍ਹਾਂ ਰਾਹੀਂ ਇਨ੍ਹਾਂ ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ |
ਇਸ ਨਾਲ ਹੀ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਫ਼ਰਜ਼ੀ ਇਨਕਲਾਬੀ ਕਰਾਰ ਦਿਤਾ ਜੋ ਕਿ ਹੋਰ ਕੱੁਝ ਨਹੀਂ ਬਲਕਿ ਇਕ ਤਾਨਾਸ਼ਾਹ ਅਤੇ ਆਰ.ਐਸ.ਐਸ-ਭਾਜਪਾ ਦੀ ਬੀ ਟੀਮ ਹੈ | ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਜੰਮੂ ਅਤੇ ਕਸ਼ਮੀਰ ਸੂਬੇ ਨੂੰ ਤਬਾਹ ਕੀਤੇ ਜਾਣ ਵਾਸਤੇ ਭਾਜਪਾ ਦੀ ਹਮਾਇਤ ਕੀਤੀ ਅਤੇ ਹਮੇਸ਼ਾ ਹੀ ਫ਼ੈਂਡਰਲਿਸਮ ਦੀ ਭਾਵਨਾ ਵਿਰੁਧ ਕੰਮ ਕੀਤਾ | ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਵਿਚ ਮੁੜ ਸ਼ਾਮਲ ਹੋਣ ਦਾ ਉਨ੍ਹਾਂ ਦਾ ਫ਼ੈਸਲਾ ਹਲਕਾ ਭੁਲੱਥ ਦੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਕੀਤੀ ਗਈ ਭਾਰੀ ਮੰਗ ਕਾਰਨ ਵੀ ਹੈ, ਜਿਨ੍ਹਾਂ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਵਾਰ ਦਾ 50 ਸਾਲਾਂ ਤੋਂ ਸਿਆਸੀ ਵਜੂਦ ਹੈ |
Ldh_Parmod_3_3: ਕੈਪਟਨ ਅਮਰਿੰਦਰ ਸਿੰਘ ਨਾਲ ਮੌਜੂਦ ਖੜੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ | ਨਾਲ ਉਨ੍ਹਾਂ ਦੇ ਸਾਥੀ ਵਿਧਾਇਕ |