ਅਮਿਤ ਸ਼ਾਹ ਅੱਜ ਆਉਣਗੇ ਚੰਡੀਗੜ੍ਹ, ਕਈ ਪ੍ਰਮੁੱਖ ਕਾਂਗਰਸੀ ਹੋ ਸਕਦੇ ਹਨ ਭਾਜਪਾ ’ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ!

Amit Shah

 

ਚੰਡੀਗੜ੍ਹ (ਭੁੱਲਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 4 ਜੂਨ ਨੂੰ ਚੰਡੀਗੜ੍ਹ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਨੇ ਸ਼ਾਮ ਨੂੰ ਪੰਚਕੂਲਾ ਵਿਖੇ ਖੋਲ੍ਹੇ ਇੰਡੀਆ ਦੇ ਉਦਘਾਟਨੀ ਪ੍ਰੋਗਰਾਮ ’ਚ ਸ਼ਾਮਲ ਹੋਣਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ’ਚ ਹੋਰ ਕੁੱਝ ਮੀਟਿੰਗਾਂ ’ਚ ਵੀ ਸ਼ਾਮਲ ਹੋਣਗੇ।

 

ਮਿਲੀ ਜਾਣਕਾਰੀ ਮੁਤਾਬਕ ਉਹ ਪੰਜਾਬ ਭਾਜਪਾ ਦੇ ਦਫ਼ਤਰ ਵਿਖੇ ਮੀਟਿੰਗ ਕਰਨਗੇ। ਇਸ ਮੌਕੇ ਪੰਜਾਬ ਦੇ ਕਈ ਪ੍ਰਮੁੱਖ ਕਾਂਗਰਸੀ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕਰਨ ਦੀ ਯੋਜਨਾ ਦੱਸੀ ਜਾ ਰਹੀ ਹੈ। ਇਨ੍ਹਾਂ ਨੇਤਾਵਾਂ ’ਚ ਦੋ ਸਾਬਕਾ ਮੰਤਰੀਆਂ ਤੇ ਕੁੱਝ ਸਾਬਕਾ ਕਾਂਗਰਸੀ ਵਿਧਾਇਕਾਂ ਦੇ ਨਾਂ ਦੀ ਵੀ ਚਰਚਾ ਹੈ।

 

ਇਸ ਤੋਂ ਇਲਾਵਾ ਮਾਝਾ ਨਾਲ ਸਬੰਧਤ ਇਕ ਪ੍ਰਮੁੱਖ ਅਕਾਲੀ ਆਗੂ ਦੇ ਵੀ ਭਾਜਪਾ ’ਚ ਇਸ ਮੌਕੇ ਸ਼ਾਹ ਦੀ ਮੌਜੂਦਗੀ ’ਚ ਸ਼ਾਮਲ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ। ਇਹ ਵੀ ਪਤਾ ਲੱਗਾ ਹੈ ਅਮਿਤ ਸ਼ਾਹ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ ’ਚ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਗੱਲਬਾਤ ਕਰ ਕੇ ਜਾਣਕਾਰੀ ਲੈਣਗੇ। ਸਿੱਧੂ ਮੂਸੇਵਾਲਾ ਦੇ ਕਤਲ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਵੀ ਸਥਿਤੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਬੀਤੇ ਦਿਨੀਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਤੇ ਭਾਜਪਾ ਦੇ ਹੋਰ ਕਈ ਵੱਡੇ ਆਗੂ ਖ਼ੁਦ ਪਿੰਡ ਮੂਸਾ ਵਿਖੇ ਸਿੱਧੂ ਦੇ ਪਰਵਾਰ ਨੂੰ ਮਿਲਣ ਪੰਹੁਚੇ ਸਨ।