ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਿਆ ਜਾਵੇ- ਕੁਲਤਾਰ ਸਿੰਘ ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਭਗਤ ਪੂਰਨ ਸਿੰਘ ਵਾਂਗ ਸਭਨਾਂ ਨੂੰ ਵਾਤਾਵਰਣ ਨਾਲ ਪ੍ਰੇਮ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਆ

Kultar Singh Sandhwan

 

ਚੰਡੀਗੜ੍ਹ:  ਵਿਸ਼ਵ ਵਾਤਾਵਰਣ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੁਦਰਤ ਦੀਆਂ ਸਭ ਤੋਂ ਅਨਮੋਲ ਵਸਤਾਂ ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੁਦਰਤੀ ਸਾਧਨ ਸਿਹਤਮੰਦ ਰਹਿਣਗੇ ਤਾਂ ਹੀ ਮਨੁੱਖ ਨਰੋਆ ਅਤੇ ਬਿਮਾਰੀਆਂ ਰਹਿਤ ਜੀਵਨ ਬਸਰ ਕਰ ਸਕਦਾ ਹੈ। ਵਾਤਾਵਰਣ ਦੀ ਸੰਭਾਲ ਲਈ ਉਨ੍ਹਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲਿਆਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ਹੈ, ਜਿਹਨਾਂ ਦਾ 4 ਜੂਨ ਨੂੰ ਜਨਮ ਦਿਵਸ ਹੁੰਦਾ ਹੈ।  

 

 

ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਅਤੇ ਵਾਤਾਵਰਣ ਦੀ ਸੇਵਾ ਵਿਚ ਲਗਾ ਦਿੱਤੀ। ਸਾਨੂੰ ਸਾਰਿਆਂ ਨੂੰ ਵੀ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿਹਨਾਂ ਨਾਲ ਅਸੀਂ ਪਾਣੀ, ਹਵਾ ਅਤੇ ਧਰਤੀ ਨੂੰ ਸਿਹਤਮੰਦ ਰੱਖ ਸਕੀਏ। ਸਪੀਕਰ ਨੇ ਕਿਹਾ ਕਿ ਮੌਜੂਦਾ ਸਮੇਂ ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ ਜੇਕਰ ਅਸੀਂ ਆਪਣੇ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਣ ਅਤੇ ਹੋਰ ਵਿਗਾੜਾਂ ਤੋਂ ਬਚਾ ਸਕੀਏ। 

 

 

 

ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਮਨੁੱਖ ਨੇ ਇਸ ਕਦਰ ਪਾਣੀ, ਹਵਾ ਅਤੇ ਧਰਤੀ 'ਤੇ ਪ੍ਰਦੂਸ਼ਣ ਫੈਲਾ ਦਿੱਤਾ ਹੈ ਕਿ ਨਿੱਤ ਨਵੀਆਂ ਬਿਮਾਰੀਆਂ ਮਨੁੱਖਾਂ ਸਮੇਤ ਹਰੇਕ ਜੀਵ ਜੰਤੂ ਨੂੰ ਆਪਣੀ ਜਕੜ ਵਿਚ ਲੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਸਲਾਂ ਦੇ ਨਾੜ ਨੂੰ ਅੱਗ ਲਗਾ ਕੇ ਅਸੀਂ ਧਰਤੀ ਦੇ ਪੌਸ਼ਟਿਕ ਤੱਤਾਂ ਨੂੰ ਵੀ ਮੁਕਾ ਰਹੇ ਹਾਂ ਅਤੇ ਅੱਗ ਨਾਲ ਹੋਣ ਵਾਲਾ ਧੂੰਆਂ ਜਿੱਥੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਉੱਥੇ ਸੜਕੀ ਦੁਰਘਟਨਾਵਾਂ ਨੂੰ ਵੀ ਸੱਦਾ ਦਿੰਦਾ ਹੈ। ਇਸੇ ਤਰ੍ਹਾਂ ਬਹੁਤ ਤਰ੍ਹਾਂ ਦੀ ਰਹਿੰਦ-ਖੂਹੰਦ ਨਾਲ ਅਸੀਂ ਪਾਣੀਆਂ ਨੂੰ ਵੀ ਗੰਧਲਾ ਕਰਦੇ ਜਾ ਰਹੇ ਹਾਂ। 

 

 

ਸੰਧਵਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੁਦਰਤ ਦੀ ਸੰਭਾਲ ਅਤੇ ਕੁਦਰਤੀ ਸੋਮਿਆਂ ਦੀ ਯੋਗ ਵਰਤੋਂ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿਹਤਮੰਦ ਵਾਤਾਵਰਣ ਅਤੇ ਕੁਦਰਤ  ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਆਓ ਸਾਰੇ ਪ੍ਰਣ ਕਰੀਏ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਹ ਸਾਰੇ ਕਾਰਜ ਕਰੀਏ ਜਿਸ ਨਾਲ ਨਰੋਆ ਕੁਦਰਤੀ ਵਾਤਾਵਰਣ ਬਣਿਆਂ ਰਹੇ।