ਅੱਧੀ ਦਰਜਨ ਕਾਂਗਰਸੀ ਆਗੂ ਭਾਜਪਾ ਵਿਚ ਹੋਣਗੇ ਸ਼ਾਮਲ, ਸੁਨੀਲ ਜਾਖੜ ਤੇ ਸਿਰਸਾ ਨਾਲ ਹੋ ਰਹੀ ਹੈ ਮੀਟਿੰਗ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ,ਸੁੰਦਰ ਸ਼ਾਮ ਅਰੋੜਾ ਤੇ ਰਾਜ ਕੁਮਾਰ ਵੇਰਕਾ ਦਾ ਨਾਂ ਸ਼ਾਮਲ ਹੈ।
ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਪਾਰਟੀ ਦਿਨੋ ਦਿਨ ਟੁੱਟਦੀ ਜਾ ਰਹੀ ਹੈ ਕਿਉਂਕਿ ਪਾਰਟੀ ਦੇ ਕਈ ਆਗੂ ਪਾਰਟੀ ਛੱਡਣ ਨੂੰ ਤਿਾਰ ਹਨ ਤੇ ਅੱਜ ਚੰਡੀਗੜ੍ਹ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਅੱਧੀ ਦਰਜਨ ਸੀਨੀਅਰ ਕਾਂਗਰਸੀ ਆਗੂ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਪੰਜਾਬ ਦੇ ਜਿਹੜੇ ਆਗੂ ਕਥਿਤ ਤੌਰ ‘ਤੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਵਿਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ,ਸੁੰਦਰ ਸ਼ਾਮ ਅਰੋੜਾ ਤੇ ਰਾਜ ਕੁਮਾਰ ਵੇਰਕਾ ਦਾ ਨਾਂ ਸ਼ਾਮਲ ਹੈ।
ਇਸ ਤੋਂ ਪਹਿਲਾਂ ਸੂਚਨਾ ਮਿਲੀ ਸੀ ਕਿ ਆਗੂ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਅਕਾਲੀ ਆਗੂ ਸਰੂਪ ਸਿੰਗਲਾ ਵੀ ਅੱਜ ਭਾਜਪਾ ਵਿਚ ਸ਼ਾਮਲ ਹੋ ਜਾਣਗੇ। ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਸੁਨੀਲ ਜਾਖੜ ਪਹਿਲਾਂ ਹੀ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਪਹੁੰਚ ਚੁੱਕੇ ਹਨ।
ਰਾਜ ਕੁਮਾਰ ਵੇਰਕਾ ਨੇ ਆਪਣੀ ਟਵਿੱਟਰ ਪ੍ਰੋਫਾਈਲ ਤੋਂ ਵੀ ਕਾਂਗਰਸ ਦਾ ਲੋਗੋ ਹਟਾ ਦਿੱਤਾ ਹੈ। ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਹੈ ਕਿ ਕਿਸੇ ਵੀ ਆਗੂ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਫਤਿਹ ਜੰਗ ਬਾਜਵਾ, ਡਾ. ਹਰਜੋਤ ਕਮਲ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।